ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, December 27, 2012

ਕਾਮੇਡੀ ਦੇ ‘ਸਰਦਾਰ’ ਨੂੰ ਅਲਵਿਦਾਹਮੇਸ਼ਾ ਯਾਦ ਆਉਣਗੇ ਜਸਪਾਲ ਸਿੰਘ ਭੱਟੀ

ਇਹ ਉਹ ਮੁਸ਼ਕਿਲ ਸਮਾ ਹੈ, ਜਦੋਂ ਯਕੀਨ ਹੀਂ ਹੋ ਰਿਹਾ ਕਿ ਜਸਪਾਲ ਸਿੰਘ ਭੱਟੀ ਸਾਡੇ ਦਰਮਿਆਨ ਨਹੀਂ ਰਹੇ। ਚਾਰੇ ਪਾਸੇ ਉਨ੍ਹਾਂ ਦੇ ਕਦਰਦਾਨ ਦੁੱਖ ਪ੍ਰਗਟਾ ਰਹੇ ਹਨ। ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਲੰਮੀਂ ਉਮਰ ਤੱਕ ਜਿਉਣਾ ਸੀ ਅਤੇ ਸਮਾਜਿਕ ਮੁੱਦਿਆਂ ‘ਤੇ ਖਰੀਆਂ ਗੱਲਾਂ ਕਰਨੀਆਂ ਸਨ, ਲੇਕਿਨ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸ਼ ਭੱਟੀ ਨੇ ਜਿੰਨ੍ਹਾ ਵੀ ਕੀਤਾ, ਉਹ ਕੋਈ ਹੋਰ ਕਲਾਕਾਰ ਨਹੀਂ ਕਰ ਸਕਦਾ। ‘ਫਲੌਪ ਸ਼ੋਅ’ ਦੇ ਸੁਪਰਹਿੱਟ ਕਲਾਕਾਰ ਦੇ ਅਚਾਨਕ ਵਿਛੋੜੇ ‘ਤੇ ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬੜੇ ਦੁੱਖ ਨਾਲ ਉਨ੍ਹਾਂ ਦੀਆਂ ਯਾਦਾਂ ਨੂੰ ਸਮੇਟਣ ਦਾ ਯਤਨ ਕਰ ਰਿਹਾ ਹੈ।
ਗੰਭੀਰ ਮੁੱਦਿਆਂ ‘ਤੇ ਅਕਸਰ ਪ੍ਰਭਾਵਸ਼ਾਲੀ ਵਿਅੰਗ ਕਰਕੇ ਦੁਨੀਆ ਨੂੰ ਸੰਦੇਸ਼ ਦੇਣ ਵਾਲੇ ਜਸਪਾਲ ਸਿੰਘ ਭੱਟੀ ਲੰਘੇ ਵੀਰਵਾਰ ਵੱਡੇ ਤੜਕੇ ਇਕ ਦਰਦਨਾਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ। ਉਹ ਅਪਣੀ ਨਵੀਂ ਪੰਜਾਬੀ ਫਿਲਮ ‘ਪਾਵਰ ਕੱਟ’ ਦੇ ਪ੍ਰਚਾਰ ਲਈ ਬਠਿੰਡਾ ਤੋਂ ਜਲੰਧਰ ਜਾ ਰਹੇ ਸਨ ਕਿ ਸ਼ਾਹਕੋਟ ਨੇੜੇ ਉਨ੍ਹਾਂ ਦੀ ਕਾਰ, ਜਿਸ ਨੂੰ ਉਨ੍ਹਾਂ ਦੇ ਪੁੱਤਰ ਤੇ ਫਿਲਮ ਦੇ ਹੀਰੋ ਜਸਰਾਜ ਭੱਟੀ ਚਲਾ ਰਹੇ ਸਨ, ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਜਸਪਾਲ ਭੱਟੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਪਰ ਕਿਸਮਤ ਨਾਲ ਉਨ੍ਹਾਂ ਦਾ ਪੁੱਤਰ ਜਸਰਾਜ ਭੱਟੀ, ਫਿਲਮ ਦੀ ਅਦਾਕਾਰਾ ਸੁਰੀਲੀ ਗੌਤਮ ਅਤੇ ਮੀਡੀਆ ਸਹਾਇਕ ਨਵਨੀਤ ਜੋਸ਼ੀ ਦਾ ਬਚਾਅ ਹੋ ਗਿਆ।
57 ਸਾਲਾ ਜਸਪਾਲ ਸਿੰਘ ਭੱਟੀ ਭਾਰਤ ਦੇ ਪਹਿਲੇ Ḕਸਰਦਾਰ ਹਾਸਰਸ ਕਲਾਕਾਰ’ ਸਨ ਜਿਨ੍ਹਾਂ ਨੇ ਕੌਮੀ ਪੱਧਰ ‘ਤੇ ਅਪਣੀ ਪਹਿਚਾਣ ਬਣਾਈ। ਅਕਸਰ ਹੀ ਟੋਪੀਨੁਮਾ ਪਗੜੀ ਕਾਰਨ ਵਿਵਾਦ ਵਿਚ ਆਉਣ ਵਾਲੇ ਭਾਰਤੀ ਸਿਨੇਮੇ ਬੌਲੀਵੁਡ ਵਿਚ ਜਸਪਾਲ ਭੱਟੀ ਅਸਲੀ ਦਸਤਾਰ ਸਜਾਉਣ ਵਾਲੇ ਸਭ ਤੋਂ ਪ੍ਰਸਿੱਧ ਕਲਾਕਾਰ ਸਨ। ਜਸਪਾਲ ਭੱਟੀ ਨੂੰ ਜੇਕਰ ਦੁਨੀਆ ਦੇ ਸਭ ਤੋਂ ਪ੍ਰਸਿੱਧ ਸਿੱਖ ਕਾਮੇਡੀਅਨ ਕਿਹਾ ਜਾਵੇ, ਤਾਂ ਇਸ ਵਿਚ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ।
ਅੰਮ੍ਰਿਤਸਰ ‘ਚ ਪੈਦਾ ਹੋਏ ਅਤੇ ਉਨ੍ਹਾਂ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜਾਈ ਕੀਤੀ, ਪਰ ਉਨ੍ਹਾਂ ਦਾ ਝੁਕਾਅ ਕਾਮੇਡੀ ਤੇ ਅਦਾਕਾਰੀ ਨਾਲ ਸੀ। ਲੰਮਾਂ ਸਮਾਂ ਉਹ ਚੰਡੀਗੜ੍ਹ ਤੋਂ ਛਪਦੇ ਅਖਵਾਰ ਟ੍ਰਿਬਿਊਨ ਦੇ ਕਾਰਟੂਨਿਸਟ ਰਹੇ। ਜਲੰਧਰ ਦੂਰਦਰਸ਼ਨ ਦੇ ਸਭ ਤੋਂ ਚਰਚਿਤ ਪ੍ਰੋਗਰਾਮ Ḕਚਿੱਤਰਹਾਰ’ ਵਿਚ ਉਨ੍ਹਾਂ ਨੇ ਅਪਣਾ ਪ੍ਰੋਗਰਾਮ ‘ਰੰਗ ਵਿਚ ਭੰਗ’ ਸ਼ੁਰੂ ਕੀਤਾ, ਜਿਹੜਾ ਮਹਿਜ ਤਿੰਨ ਕੁ ਮਿੰਟ ਆਉਂਦਾ ਸੀ। ਪਹਿਲਾਂ ਤਾਂ ਇਸ ਨੂੰ ਦਰਸ਼ਕਾਂ ਨੇ ਰੰਗ ‘ਚ ਭੰਗ ਹੀ ਸਮਝਿਆ, ਪਰ ਬਾਅਦ ਵਿਚ ਇਹ ਚਿੱਤਰਹਾਰ ਜਿੰਨਾ ਹੀ ਮਕਬੂਲ ਹੋ ਗਿਆ। ਤਕਰੀਬਨ 80 ਦੇ ਦਹਾਕੇ ਦੇ ਅਖੀਰ ਵਿਚ ਅਤੇ 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਦੂਰਦਰਸ਼ਨ ਤੋਂ ਉਨ੍ਹਾਂ ਦੇ ਟੀਵੀ ਪ੍ਰੋਗਰਾਮ ‘ਉਲਟਾ ਪੁਲਟਾ’ ਤੇ ‘ਫਲੌਪ ਸ਼ੋਅ’ ਪੂਰੇ ਮੁਲਕ ਵਿਚ ਧਾਂਕ ਜਮਾਈ ਰੱਖੀ। ਟੀਵੀ ਤੇ ਫਿਲਮਾਂ ਵਿਚ ਉਹ ਜਾਣੇ ਪਹਿਚਾਣੇ ਚਿਹਰੇ ਵਜੋਂ ਉਭਰੇ।
ਪੰਜਾਬ ਵਿਚ ਹਿੰਸਾ ਦੇ ਕਾਲੇ ਦੌਰ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇਕ ਪੰਜਾਬੀ ਕਾਮੇਡੀ ਫਿਲਮ ਬਣਾਈ ‘ਮਾਹੌਲ ਠੀਕ ਹੈ’। ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਜੋ ਦਿਸ਼ਾ ਦਿੱਤੀ ਅਤੇ ਮੁੜ ਤੋਂ ਪੈਰਾਂ ਸਿਰ ਕੀਤਾ, ਉਹ ਅੱਜ ਸਭ ਦੇ ਸਾਹਮਣੇ ਹੈ। ਜਸਪਾਲ ਭੱਟੀ ਇਕ ਵਧੀਆ ਫਿਲਮ ਨਿਰਮਾਤਾ, ਨਿਰਦੇਸ਼ਕ, ਕਾਮੇਡੀਅਨ, ਅਦਾਕਾਰ, ਕਾਰਟੂਨਿਸਟ ਅਤੇ ਵਿਅੰਗਕਾਰ ਸਨ। ‘ਫਨ੍ਹਾ’ ਤੇ ‘ਆ ਅਬ ਲੌਟ ਚਲੇਂ’ ਸਣੇ ਬੌਲੀਵੁੱਡ ਦੀਆਂ ਵੀ ਦਰਜਨਾਂ ਫਿਲਮਾਂ ਵਿਚ ਉਨ੍ਹਾਂ ਨੇ ਅਦਾਕਾਰੀ ਕੀਤੀ। ਭਾਰਤ, ਖਾਸ ਕਰਕੇ ਪੰਜਾਬ ਦੇ ਸਿਆਸੀ ਤੇ ਸਮਾਜਿਕ ਹਾਲਾਤ ‘ਤੇ ਉਹ ਅਕਸਰ ਹੀ ਅਪਣੇ ਤਰੀਕੇ ਨਾਲ ਵਿਅੰਗ ਕਰਦੇ। ਲੋਕਾਂ ਨੂੰ ਹਸਾਉਣ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀ ਨੂੰ ਵੀ ਉਹ ਕਦੇ ਨਹੀਂ ਭੁੱਲੇ। ਜਸਪਾਲ ਸਿੰਘ ਭੱਟੀ ਦੇ ਅਕਾਲ ਚਲਾਣੇ ‘ਤੇ ਜਿੱਥੇ ਪੰਜਾਬੀ ਮਨੋਰੰਜਨ ਜਗਤ ਤੇ ਸਮੂਹ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ, ਉਥੇ ਅਚਾਨਕ ਹੀ ਸ੍ਰੀ ਭੱਟੀ ਦਾ ਚਲਾਣਾ ਇਕ ਵੱਡਾ ਸਦਮਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਦੇਸ਼ ਦੇ ਪ੍ਰਮੁੱਖ ਸਿਆਸੀ, ਫਿਲਮੀ, ਸਮਾਜਿਕ ਤੇ ਸੱਭਿਆਚਾਰਕ ਸ਼ਖਸੀਅਤਾਂ ਨੇ ਸ੍ਰੀ ਭੱਟੀ ਦੇ ਅਚਾਨਕ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮੌਤ ਤੋਂ ਅਣਜਾਣ ਜਸਪਾਲ ਭੱਟੀ ਨੇ ਥਰਮਲ ਪਲਾਂਟ ਨੂੰ ਟੇਕਿਆ ਸੀ ਮੱਥਾ
ਪੰਜਾਬ ਵਿਚ ਬਿਜਲੀ ਦੀ ਸਮੱਸਿਆ ਨੂੰ ਦਰਸਾਉਂਦੀ ਪੰਜਾਬੀ ਫਿਲਮ ‘ਪਾਵਰ ਕੱਟ’ ਦੇ ਪ੍ਰਚਾਰ ਲਈ ਪਹੁੰਚੇ ਜਸਪਾਲ ਭੱਟੀ ਨੇ ਅਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਬਠਿੰਡਾ ਦੇ ਥਰਮਲ ਪਲਾਂਟ ਨੂੰ ਮੱਥਾ ਵੀ ਟੇਕਿਆ। ਫਿਲਮ ਦੀ ਟੀਮ ਨਾਲ ਥਰਮਲ ਪਲਾਂਟ ਨੂੰ ਮੱਥਾ ਟੇਕਿਦਿਆ ਕਿਹਾ, ‘ਹੇ ਥਰਮਲਾ, ਪਾਵਰ ਕੱਟ ਤੋਂ ਬਚਾਅ ਰੱਖੀਂ ਪਰ ਤੇਰੇ ਤੋਂ ਉਮੀਦ ਕੋਈ ਨਹੀਂ ਹੈ।’ ਮੌਤ ਤੋਂ ਅਣਜਾਣ ਜਸਪਾਲ ਭੱਟੀ ਨੇ ਬਠਿੰਡਾ ਦੇ ਇਕ ਸਿਨੇਮੇ, ਦੁਸ਼ਹਿਰਾ ਮੇਲੇ ਅਤੇ ਕੁਝ ਹੋਰਨਾਂ ਥਾਵਾਂ ‘ਤੇ ਬਿਨਾ ਕਿਸੇ ਪ੍ਰੋਗਰਾਮ ਪਹੁੰਚ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਫਿਲਮ ਵਿਚ ਵਰਤੀ ਇਕ ਵਿਸ਼ੇਸ਼ ਕਾਰ ਨੂੰ ਖੁਦ ਚਲਾ ਕੇ ਉਹ ਬਠਿੰਡੇ ਦੀਆਂ ਸੜਕਾਂ ‘ਤੇ ਵੀ ਘੁੰਮੇ। ਫਿਲਮ ਨੂੰ ਉਨ੍ਹਾਂ ਨੇ ਖੁਦ ਨਿਰਦੇਸ਼ਿਤ ਕੀਤਾ ਸੀ, ਜਦੋਂਕਿ ਫਿਲਮ ਵਿਚ ਉਨ੍ਹਾਂ ਦੀ ਕਲਾਕਾਰ ਪਤਨੀ ਸਵਿਤਾ ਭੱਟੀ, ਜ਼ਫਰ ਖਾਨ, ਉਨ੍ਹਾਂ ਦਾ ਪੁੱਤਰ ਜਸਰਾਜ ਭੱਟੀ, ਪ੍ਰੇਮ ਚੋਪੜਾ, ਜਸਵਿੰਦਰ ਭੱਲਾ, ਗੁਰਚੇਤ ਚਿੱਤਰਕਾਰ, ਅਰਵਿੰਦਰ ਭੱਟੀ ਤੇ ਹੋਰ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ।

ਇਕ ਪਾਸੇ ਪਿਤਾ ਦਾ ਵਿਛੋੜਾ ਦੂਜੇ ਪਾਸੇ ਕਾਮੇਡੀ ਫਿਲਮ ਸੀ : ਜਸਪਾਲ ਭੱਟੀ
ਜਸਪਾਲ ਭੱਟੀ ਦੇ ਮੀਡੀਆ ‘ਚ ਆਖਰੀ ਸ਼ਬਦ
ਅਪਣੀ ਮੌਤ ਤੋਂ ਅਣਜਾਣ ਜਸਪਾਲ ਭੱਟੀ ਨੇ ਅਪਣੇ ਕੌੜੇ, ਮਿੱਠੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਨਵਰੀ 2012 ‘ਚ ਉਨ੍ਹਾਂ ਨੇ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ, ਜਿਸ ਵਿਚ ਉਨ੍ਹਾਂ ਦੇ ਪਿਤਾ ਐਨਐਸ ਭੱਟੀ ਨੇ ਵਡਮੁੱਲਾ ਸਹਿਯੋਗ ਦਿੱਤਾ। ਸ਼ ਭੱਟੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਬਹੁਤ ਜ਼ਿਆਦਾ ਕਰੇਜ਼ ਸੀ ਕਿ ਇਹ ਫਿਲਮ ਪੂਰੀ ਹੋ ਕੇ ਸਫਲਤਾ ਦੀਆਂ ਬੁਲੰਦੀਆਂ ਛੂਹ ਲਵੇ ਪਰ ਅਫਸੋਸ ਕਿ ਫਿਲਮ ਨਿਰਮਾਣ ਦੇ ਦੌਰਾਨ ਹੀ 15 ਅਗਸਤ 2012 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਉਨ੍ਹਾਂ ਲਈ ਸਭ ਤੋਂ ਔਖੀ ਘੜੀ ਸੀ ਕਿਉਂਕਿ ਇਕ ਪਾਸੇ ਪਿਤਾ ਦਾ ਵਿਛੋੜਾ, ਦੂਜੇ ਪਾਸੇ ਫਿਲਮ, ਉਹ ਵੀ ਕਾਮੇਡੀ ਪਰ ਇਹ ਫਿਲਮ ਪਿਤਾ ਦਾ ਸੁਪਨਾ ਸੀ ਇਸ ਲਈ ਮਨ ਪੱਕਾ ਕਰਕੇ ਇਸਨੂੰ ਪੂਰਾ ਕੀਤਾ ਹੈ। ਤ੍ਰਾਸਦੀ ਤਾਂ ਇਹ ਸੀ ਕਿ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਹ ਵੀ ਅਕਾਲ ਚਲਾਣਾ ਕਰ ਗਏ।

No comments:

Post a Comment