ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Sunday, September 27, 2009

ਪੀਏਸੀ ਤੋਂ ਨਹੀਂ ਹੱਟਣਗੇ ਜਸਵੰਤ : ਮੀਰਾ

ਨਵੀਂ ਦਿੱਲੀ, ਐਤਵਾਰ, 27 ਸਿਤੰਬਰ 2009
ਭਾਜਪਾ ਦੁਆਰਾ ਪਾਰਟੀ ਤੋਂ ਕੱਢੇ ਗਏ ਜਸਵੰਤ ਸਿੰਘ ਨੂੰ ਸੰਸਦ ਦੀ ਲੋਕ ਲੇਖਾ ਸੰਮਤੀ ਦਾ ਅਹੁਦਾ ਛੱਡਣ ਦੀ ਮੰਗ ਕੀਤੇ ਜਾਣ ਦੇ ਦਰਮਿਆਨ ਲੋਕ ਸਭਾ ਪ੍ਰਮੁੱਖ ਮੀਰਾ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਯਮ ਅਨੁਸਾਰ ਉਪਰੋਕਤ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਤਦ ਹੀ ਹਟਾਇਆ ਜਾ ਸਕਦਾ ਹੈ, ਜਦੋਂ ਉਹ ਕਿਸੇ ਕਾਰਣ ਕਰਕੇ ਆਪਣਾ ਕੰਮ ਕਰਨ ਦੀ ਸਥਿਤੀ ਵਿੱਚ ਨਾ ਹੋਵੇ।ਮੀਰਾ ਨੇ ਇੱਕ ਸੁਆਲ ਦੇ ਜੁਆਬ ਵਿੱਚ ਇਹ ਗੱਲ ਆਖੀ। ਉਹਨਾਂ ਨੇ ਕਿਹਾ ਕਿ ਨਿਯਮ ਇਹ ਕਹਿੰਦਾ ਹੈ ਕਿ ਜੇਕਰ ਲੋਕ ਲੇਖਾ ਸੰਮਤੀ ਦਾ ਪ੍ਰਮੁੱਖ ਕਿਸੇ ਕਾਰਣ ਕਰਕੇ ਆਪਣਾ ਕੰਮ ਨਹੀਂ ਕਰ ਪਾ ਰਿਹਾ ਹੈ ਤਾਂ ਉਸਨੂੰ ਹਟਾਇਆ ਜਾ ਸਕਦਾ ਹੈ।ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਜਸਵੰਤ ਸਿੰਘ ਦਾ ਸੁਆਲ ਹੈ, ਉਹ ਤਾਂ ਸੰਮਤੀ ਦੀਆਂ ਦੋ ਬੈਠਕਾਂ ਵੀ ਕਰ ਚੁੱਕੇ ਹਨ। ਭਾਜਪਾ ਨੇ ਜਸਵੰਤ ਨੂੰ ਲੋਕ ਲੇਖਾ ਸੰਮਤੀ ਦਾ ਮੁੱਖ ਅਹੁਦਾ ਛੱਡਣ ਦੀ ਬੇਨਤੀ ਕੀਤੀ ਹੈ।

ਮਨਮੋਹਨ ਸਿੰਘ ਨੇ ਪਾਕਿ ਨੂੰ ਚਿਤਾਇਆ

ਪਿਟਸਬਰਗ , ਐਤਵਾਰ, 27 ਸਿਤੰਬਰ 2009
ਨਿਊਯਾਰਕ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸਬੰਧਾਂ ਨੂੰ ਆਮ ਵਰਗਾ ਬਣਾਉਣਾ ਚਾਹੁੰਦਾ ਹੈ ਪਰ ਇਸ ਲਈ ਉਸ ਨੂੰ ਭਾਰਤ ਦੇ ਖਿਲਾਫ ਅੱਤਵਾਦ ਨੂੰ ਸਰਕਾਰੀ ਨੀਤੀ ਦੇ ਔਜਾਰ ਵਜੋਂ ਵਰਤਣ ਦੀ ਆਪਣੀ ਮਾਨਸਿਕਤਾ ਛੱਡਣੀ ਚਾਹੀਦੀ ਹੈ ਅਤੇ ਮੁੰਬਈ ਹਮਲਿਆਂ 'ਚ ਸ਼ਾਮਿਲ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਸਖ਼ਤ ਸੰਦੇਸ਼ 'ਚ ਕਿਹਾ ਕਿ ਮੁੰਬਈ ਦੇ ਹਮਲਾਵਰਾਂ ਖਿਲਾਫ ਕਾਰਵਾਈ ਤੋਂ ਪਹਿਲਾਂ ਗੱਲਬਾਤ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਸ਼ਰਮ ਅਲ-ਸ਼ੇਖ ਵਿਚ ਉਨ੍ਹਾਂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨਾਲ ਗੱਲਬਾਤ ਪਿੱਛੋਂ ਭਾਰਤ ਦੇ ਪਾਕਿਸਤਾਨ ਪ੍ਰਤੀ ਪੱਖ 'ਚ ਕੋਈ ਤਬਦੀਲੀ ਨਹੀਂ ਆਈ। ਇਸ ਪੱਖ ਨੂੰ ਉਨ੍ਹਾਂ ਨੇ ਸੰਸਦ ਵਿਚ ਵੀ ਸਪਸ਼ਟ ਕਰ ਦਿੱਤਾ ਸੀ।ਡਾ: ਮਨਮੋਹਨ ਸਿੰਘ ਨੇ ਦੋ ਦਿਨਾਂ ਦੀ ਪਿਟਸਬਰਗ ਯਾਤਰਾ ਖਤਮ ਕਰਨ ਸਮੇਂ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਆਪਣੇ ਸਬੰਧ ਆਮ ਵਰਗੇ ਬਣਾਉਣਾ ਚਾਹੁੰਦਾ ਹੈ ਪਰ ਅਜਿਹਾ ਤਦ ਹੀ ਸੰਭਵ ਹੈ ਜੇਕਰ ਪਾਕਿਸਤਾਨ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤਣਾ ਛੱਡ ਦੇਵੇ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਸਮੱਗਰੀ ਅਤੇ ਸਬੂਤਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ ਤਾਂ ਜੋ ਉਹ ਜਾਂਚ ਕਰ ਸਕਣ। ਭਾਰਤ ਵਿਚ ਜੋ ਘਟਨਾ ਵਾਪਰੀ ਹੈ ਉਸ ਦੀ ਸਾਜ਼ਿਸ਼ ਪਾਕਿਸਤਾਨ ਵਿਚ ਰਚੀ ਗਈ ਸੀ। ਪਾਕਿਸਤਾਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ 26 ਨਵੰਬਰ ਦੇ ਮੁੰਬਈ ਹਮਲਿਆਂ ਵਿਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

20 ਵਰ੍ਹਿਆਂ ਮਗਰੋਂ ਦੁਸ਼ਹਿਰਾ ਮਨਾਉਣਗੇ ਕਸ਼ਮੀਰੀ ਪੰਡਤ

ਕਸ਼ਮੀਰ ਵਾਦੀ ਵਿਚ ਰਹਿਣ ਵਾਲੇ ਘੱਟ ਗਿਣਤੀ ਪੰਡਿਤ ਪਰਿਵਾਰਾਂ ਨੇ ਲਗਭੱਗ ਦੋ ਦਹਾਕਿਆਂ ਮਗਰੋਂ ਪਹਿਲੀ ਦਫਾ ਇੱਥੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ।ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਇਸ ਦਾ ਆਯੋਜਨ ਕਰੇਗੀ।ਸੰਮਤੀ ਦੇ ਮਹਾਂਸਕਤੱਰ ਰਤਨ ਚਾਕੂ ਮੁਤਾਬਕ ਇਸ ਪ੍ਰੋਗਰਾਮ ਦਾ ਆਯੋਜਨ ਇੱਥੇ ਟੂਰਿਸਟ ਰਿਸੈਪਸ਼ਨ ਸੈਂਟਰ ਮੈਦਾਨ ਉੱਪਰ 28 ਸਤੰਬਰ ਨੂੰ ਸ਼ਾਮ 5.30 ਵਜੇ ਕੀਤਾ ਜਾਵੇਗਾ।ਸਾਰਿਆਂ ਨੂੰ ਉਤਸਵ ਵਿਹ ਆਉਣ ਦਾ ਸੱਦਾ ਦਿੰਦਿਆਂ ਚਾਕੂ ਨੇ ਕਿਹਾ ਕਿ ਦੁਸ਼ਹਿਰਾ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।ਜ਼ਿਕਰਯੋਗ ਹੈ ਕਿ ਵਾਦੀ ਵਿਚ ਆਖਰੀ ਦਫਾ ਦੁਸ਼ਹਿਰਾ ਲਗਭੱਗ 20 ਸਾਲ ਪਹਿਲਾਂ ਬਖਸ਼ੀ ਸਟੇਡੀਅਮ ਵਿਖੇ ਮਨਾਇਆ ਗਿਆ ਸੀ।ਬੀਤੇ ਛੇ ਵਰ੍ਹਿਆਂ ਵਿਚ ਵਾਦੀ ਵਿਚ ਇੱਕ ਬਦਲਾਅ ਆਇਆ ਹੈ।ਇੱਥੇ ਦਰਜਨਾਂ ਮੰਦਰ ਸਥਾਨਕ ਲੋਕਾਂ ਦੀ ਮਦੱਦ ਨਾਲ ਮੁੜ ਤੋਂ ਖੁੱਲੇ ਹਨ।

ਸਰਕਾਰ ਵਲੋਂ ਬਿਜਲੀ ਦਰਾਂ 'ਚ ਵਾਧੇ ਦਾ ਅਮਲ ਰੁਕਵਾਉਣ ਦੀ ਚਾਰਾਜੋਈ

ਬਾਦਲ ਨੇ ਬਿਜਲੀ ਬੋਰਡ ਨੂੰ ਪੱਤਰ ਲਿਖਿਆ
ਪੰਜਾਬ ਸਰਕਾਰ ਹੁਣ ਬਿਜਲੀ ਦਰਾਂ ਦੇ ਵਾਧੂ ਨੂੰ ਰੁਕਵਾਉਣ ਲਈ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦਾ ਬੂਹਾ ਖੜਕਾਵੇਗੀ। ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧੇ ਵਾਲੇ ਬਿੱਲਾਂ ਨੂੰ ਰੋਕਣ ਲਈ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਇਕ ਮਹੀਨੇ ਲਈ ਬਿਜਲੀ ਦੀਆਂ ਵਧੀਆਂ ਹੋਈਆਂ ਦਰਾਂ ਦੇ ਬਿੱਲ ਰੋਕ ਣਲਈ ਅਪੀਲ ਕੀਤੀ ਜਾਵੇ। ਸਮਝਿਆ ਜਾਂਦਾ ਹੈ ਕਿ ਪੰਜਾਬ ਨੇ ਵਧੀਆਂ ਹੋਈਆਂ ਦਰਾਂ ਵਿਰੁੱਧ ਕੇਂਦਰੀ ਟ੍ਰਿਬਿਊਨਲ ਵਿਚ ਜਾਣ ਦਾ ਰਸਤਾ ਛੱਡ ਦੇਣ ਤੋਂ ਬਾਅਦ ਰੈਗੂਲੇਟਰੀ ਕਮਿਸ਼ਨ ਕੋਲ ਜਾਣ ਦਾ ਫ਼ੈਸਲਾ ਲਿਆ ਹੈ। ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਬਿਜਲੀ ਦਰਾਂ ਵਿਚ ਵਾਧੇ ਤੋਂ ਬਾਅਦ ਜੇਕਰ ਸਾਰੇ ਵਾਧੇ ਲਈ ਸਬਸਿਡੀ ਅਦਾ ਕੀਤੀ ਜਾਂਦੀਹੈ ਤਾਂ ਇਸ ਨਾਲ ਸਿੱਧੇ ਤੌਰ 'ਤੇ ਸਰਕਾਰੀ ਖਜ਼ਾਨੇ 'ਤੇ 1300 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।

Thursday, September 24, 2009

ਚੰਨ ਉੱਤੇ ਮਿਲਿਆ ਪਾਣੀ

ਵਿਗਿਆਨੀਆਂ ਨੇ ਅੱਜ ਘੋਸ਼ਣਾ ਕੀਤੀ ਕਿ ਭਾਰਤ ਦੇ ਪਹਿਲੇ ਚੰਨ ਮਿਸ਼ਨ 'ਚੰਦਰ ਯਾਨ 1' ਨੇ ਚੰਨ ਦੀ ਧਰਾਤਲ ਉੱਤੇ ਪਾਣੀ ਦੀ ਮੌਜੂਦਗੀ ਦੇ ਨਤੀਜੇ ਖੋਜ ਲਏ ਹਨ।'ਚੰਦਰਯਾਨ-1' ਦੇ ਨਾਲ ਭੇਜੇ ਗਏ ਨਾਸਾ ਦੇ ਉਪਕਰਨ 'ਮੂਨ ਮਿਨਰਲੋਜੀ ਮੈਪਰ : ਐੱਮ 3' ਨੇ ਪਰਿਵਰਤਨਸ਼ੀਲ ਪ੍ਰਕਾਸ਼ ਦੀ ਤਰੰਗ : ਵੇਵਲੈਂਥ ਦਾ ਪਤਾ ਲਗਾਇਆ ਜੋ ਉੱਪਰੀ ਮਿੱਟੀ ਦੀ ਪਤਲੀ ਪਰਤ ਉੱਤੇ ਮੌਜੂਦ ਸਮੱਗਰੀ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦੇ ਵਿਚਕਾਰ ਰਸਾਇਣਕ ਸੰਬੰਧ ਦਾ ਸੰਕੇਤ ਦਿੰਦੀ ਹੈ।ਚੰਦਰਯਾਨ-1 ਦੁਆਰਾ ਜੁਟਾਏ ਗਏ ਵੇਰਵੇ ਦਾ ਵਿਸ਼ਲੇਸ਼ਣ ਕਰਕੇ ਐੱਮ 3 ਨੇ ਚੰਦਰਮਾ ਉੱਤੇ ਪਾਣੀ ਦੇ ਹੋਂਦ ਦੀ ਪੁਸ਼ਤੀ ਕਰ ਦਿੱਤੀ ਹੈ। ਇਸ ਖੋਜ ਨੇ ਚਾਰ ਦਹਾਕਿਆਂ ਤੋਂ ਚੱਲੇ ਆ ਰਹੇ ਇਹਨਾਂ ਕਿਆਸਾਂ ਉੱਤੇ ਵਿਰਾਮ ਲਗਾ ਦਿੱਤਾ ਹੈ ਕਿ ਚੰਦਰਮਾ ਉੱਤੇ ਪਾਣੀ ਹੈ ਜਾਂ ਨਹੀਂ।ਵਿਗਿਆਨੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਚੰਨ ਉੱਤੇ ਲਗਭਗ 40 ਸਾਲ ਪਹਿਲਾਂ ਪਾਣੀ ਮੌਜੂਦ ਸੀ।

5200 ਕਰੋੜ ਦੀ ਸਬਸਿਡੀ ਦਾ ਬੋਝ ਚੁੱਕ ਰਹੀ ਸਰਕਾਰ

64 ਹਜ਼ਾਰ ਕਰੋੜ ਦਾ ਕਰਜ਼ਾ ਹੈ ਪੰਜਾਬ ਸਰਕਾਰ ਸਿਰ, ਜਿਸ `ਤੇ 4400 ਕਰੋੜ ਦਾ ਵਿਆਜ ਦਿੰਦੀ ਹੈ ਸਰਕਾਰ,

ਵਧੀਆਂ ਬਿਜਲੀ ਦੀਆਂ ਕੀਮਤਾਂ ਦਾ ਭਾਰ ਚੁੱਕਣ ਦੇ ਐਲਾਨ ਨਾਲ ਸਰਕਾਰ ਨੂੰ ਲੱਗੇਗਾ 800 ਕਰੋੜ ਦਾ ਚੂਨਾ

ਚੰਡੀਗੜ੍ਹ: 64 ਹਜ਼ਾਰ ਕਰੋੜ ਰੁਪਏ ਦੇ ਕਰਜੇ ਹੇਠ ਦਬੇ ਪੰਜਾਬ `ਤੇ ਸਬਸਿਡੀਆਂ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਸਿਲਸਿਲਾ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਲ 2012 ਵਿਚ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਸਬਸਿਡੀਆਂ ਦੇ ਰੂਪ ਵਿਚ ਦਿੱਤੀ ਗਈ ਰਾਸ਼ੀ 20 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਸੱਤਾਧਾਰੀ ਗਠਜੋੜ ਦੀ ਸੱਤਾ ਵਿਚ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਦਬਾਅ ਵਿਚ ਸੂਬਾ ਸਰਕਾਰ ਨੇ ਡੋਮੈਸਟਿਕ/ਕਮਰਸ਼ੀਅਲ ਅਤੇ ਇੰਡਸਟਰੀਅਲ ਸੈਕਟਰ ਲਈ ਵਧੀਆਂ ਬਿਜਲੀ ਦੀਆਂ ਦਰਾਂ `ਤੇ ਸਬਸਿਡੀ ਦੇਣ ਦਾ ਫੈਸਲਾ ਪਿਛਲੇ ਐਤਵਾਰ ਨੂੰ ਲਿਆ, ਉਸ ਨਾਲ ਇਹ ਅੰਕੜਾ ਪੰਜ ਹਜ਼ਾਰ ਕਰੋੜ ਰੁਪਏ ਸਾਲਾਨਾ ਨੂੰ ਵੀ ਟੱਪ ਜਾਵੇਗਾ। ਅਗਰ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਇਸ ਫੈਸਲੇ ਨੂੰ ਮੰਨ ਲੈਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਲਗਭਗ 800 ਕਰੋੜ ਰੁਪਏ ਪੰਜਾਬ ਸਟੇਟ ਇਲੈਕਟ੍ਰਸਿਟੀ ਬੋਰਡ ਨੂੰ ਬਤੌਰ ਸਬਸਿਡੀ ਦੇਣੇ ਪੈਣਗੇ। ਸਰਕਾਰ ਪਹਿਲਾਂ ਹੀ ਲਗਭਗ 3150 ਕਰੋੜ ਰੁਪਏ ਖੇਤੀ ਅਤੇ ਹੋਰ ਵਰਗਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਦੇ ਲਈ ਪੀ ਐਸ ਈ ਬੀ ਨੂੰ ਦੇ ਰਹੀ ਹੈ। ਬਿਜਲੀ ਸਬਸਿਡੀ `ਤੇ ਮੌਜੂਦਾ ਵਾਧੇ ਤੋਂ ਪੰਜਾਬ ਸਰਕਾਰ ਨੂੰ ਚਾਲੂ ਵਿੱਤੀ ਸਾਲ ਦੌਰਾਨ ਲਗਭਗ 5200 ਕਰੋੜ ਰੁਪਏ ਵੱਖ ਵੱਖ ਸਬਸਿਡੀਆਂ ਦੇ ਰੂਪ ਵਿਚ ਦੇਣੇ ਹੋਣਗੇ।
ਇਸ ਤੋਂ ਇਲਾਵਾ ਪਹਿਲਾਂ ਲਏ ਕਰਜੇ `ਤੇ ਵਿਆਜ ਦੇ ਰੂਪ ਵਿਚ ਪੰਜਾਬ ਸਰਕਾਰ ਨੂੰ 4400 ਕਰੋੜ ਰੁਪਏ ਦੇਣੇ ਪੈ ਰਹੇ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਚੂੰਗੀ ਮੁਆਫ਼ੀ ਕਾਰਨ 700 ਕਰੋੜ ਅਤੇ ਸਸਤਾ ਆਟਾ ਦਾਲ ਸਕੀਮ ਦੇ ਤਹਿਤ 500 ਕਰੋੜ ਰੁਪਏ ਦੀ ਸਬਸਿਡੀ ਵੀ ਦੇ ਰਹੀ ਹੈ। ਹੁਣ 800 ਕਰੋੜ ਰੁਪਏ ਦੀ ਨਵੀਂ ਸਬਸਿਡੀ ਦਾ ਬੋਝ ਚੁੱਕਣ ਲਈ ਸਰਕਾਰ ਪੈਸਾ ਕਿਥੋਂ ਲਿਆਵੇਗੀ ਇਹ ਸਵਾਲ ਮੌਜੂਦਾ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਬੇਸ਼ੱਕ ਸਰਕਾਰ ਨੇ ਸੂਬੇ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਨਵੇਂ ਵਸੀਲੇ ਲੱਭਣ ਲਈ ਉਪ ਮੁੱਖ ਮੰਤਰੀ ਅਤੇ ਮਨੋਰੰਜਨ ਕਾਲੀਆ `ਤੇ ਅਧਾਰਤ ਇਕ ਕਮੇਟੀ ਬਣਾਈ ਹੈ। ਪਰ ਪਹਿਲਾਂ ਹੀ ਸਬਸਿਡੀਆਂ ਦਾ ਪ੍ਰਸਪਰ ਵਿਰੋਧ ਕਰ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਲਈ ਉਨ੍ਹਾਂ ਦੀ ਸਰਕਾਰ ਦਾ ਇਹ ਤਾਜ਼ਾ ਫੈਸਲਾ ਨਿਸਚਿਤ ਤੌਰ `ਤੇ ਨਵਾਂ ਵਿਖੇੜਾ ਖੜ੍ਹਾ ਕਰੇਗਾ। ਹੁਣ ਦੇਖਣਾ ਇਹ ਹੈ ਕਿ ਵਿੱਤ ਮੰਤਰੀ ਇਸ 800 ਕਰੋੜ ਰੁਪਏ ਦਾ ਨਵਾਂ ਬੋਝ ਕਿਵੇਂ ਐਡਜਸਟ ਕਰਦੇ ਹਨ।

Wednesday, September 23, 2009

ਕੈਲੀਫੋਰਨੀਆ ਸਰਕਾਰ ਦਾ ਕਿਤਾਬਚਾ ਪੰਜਾਬੀ ’ਚ

ਕੈਲੀਫੋਰਨੀਆ ਰਾਜ ਸਰਕਾਰ ਵੱਲੋਂ ਛਾਪੀ ਗਈ ‘ਕੈਲੀਫੋਰਨੀਆ ਡਰਾਈਵਿੰਗ ਹੈਂਡ ਬੁੱਕ’ ਦੇ ਮੁੱਖ ਪੰਨੇ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਸੁਸ਼ੋਭਿਤ ਹੈ। ਸਥਾਨਕ ਨਿਯਮਾਂ ਅਨੁਸਾਰ ਡਰਾਈਵਿੰਗ ਲਾਇਸੰਸ ਲੈਣ ਤੋਂ ਪਹਿਲਾਂ ਇਸ ਕਿਤਾਬਚੇ ਨੂੰ ਪੜ੍ਹ ਕੇ ਲਿਖਤੀ ਟੈਸਟ ਦੇਣਾ ਲਾਜ਼ਮੀ ਹੁੰਦਾ ਹੈ। ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬਾ ਹੈ, ਜਿਸ ਨੇ ਇਹ ਕਿਤਾਬਚਾ ਪੰਜਾਬੀ ਬੋਲੀ ਵਿਚ ਛਾਪਿਆ ਹੈ, ਜਿਸ ਦੇ ਸਰ-ਵਰਕ ’ਤੇ ਸ੍ਰੀ ਦਰਬਾਰ ਸਾਹਿਬ ਦੀ ਰੰਗਦਾਰ ਤਸਵੀਰ ਛਾਪੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਸਿੱਖ ਦਿੱਖ ਵਾਲਾ ਇਹ ਕਿਤਾਬਚਾ ਸਰਕਾਰੀ ਪੱਧਰ ’ਤੇ ਛਪਵਾਉਣ ਵਾਸਤੇ ਨਾ ਤਾਂ ਕੈਲੀਫੋਰਨੀਆ ਦੇ ਵਸਨੀਕ ਸਿੱਖਾਂ ਜਾਂ ਪੰਜਾਬੀਆਂ ਨੂੰ ‘ਸੰਗਤ ਦਰਸ਼ਨ’ ਵਿਚ ਜਾ ਕੇ ਮੰਗ-ਪੱਤਰ ਦੇਣਾ ਪਿਆ।

ਸਬਸਿਡੀਆਂ ਬਾਰੇ ਜਲਦ ਮੰਗੀ ਰਿਪੋਰਟ

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਬਸਿਡੀਆਂ ਦਿੱਤੇ ਜਾਣ ਬਾਰੇ ਵਿਚਾਰ ਕਰਨ ਲਈ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਦੇ ਅਧਾਰਿਤ ਬਣਾਈ ਗਈ ਦੋ ਮੈਂਬਰੀ ਕਮੇਟੀ ਇਕ ਮਹੀਨੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ।ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ, ਜੋ ਕਿ ਲਲਤੋਂ ਕਲਾਂ ਵਿਖੇ ਸੌ ਏਕੜ ਰਕਬੇ ਵਿਚ ਉਸਾਰੀ ਜਾ ਰਹੀ 'ਕਰਾਊਨ ਟਾਊਨ' ਟਾਊਨਸ਼ਿਪ ਦਾ ਨੀਂਹ-ਪੱਥਰ ਰੱਖਣ ਲਈ ਪੁੱਜੇ ਹੋਏ ਸਨ। ਸ: ਬਾਦਲ ਨੇ ਦੱਸਿਆ ਕਿ ਇਹ ਦੋ ਮੈਂਬਰੀ ਕਮੇਟੀ ਇਹ ਫੈਸਲਾ ਕਰੇਗੀ ਕਿ ਪੰਜਾਬ ਦੇ ਲੋਕਾਂ ਨੂੰ ਸਬਸਿਡੀਆਂ ਜਾਰੀ ਰੱਖੀਆਂ ਜਾਣ ਜਾ ਬੰਦ ਕਰ ਦਿੱਤੀਆਂ ਜਾਣ।ਉਨ੍ਹਾਂ ਕਿਹਾ ਕਿ ਇਹ ਕਮੇਟੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ, ਹੋਰ ਵਰਗਾਂ ਨੂੰ ਵਧੀਆਂ ਹੋਈਆਂ ਬਿਜਲੀ ਦਰਾਂ ਉਪਰ ਦਿੱਤੀ ਜਾਣ ਵਾਲੀ ਸਬਸਿਡੀ, ਹਾਊਸ ਟੈਕਸ ਅਤੇ ਚੁੰਗੀਆਂ ਸਬੰਧੀ ਵੀ ਫੈਸਲਾ ਕਰੇਗੀ। ਸ: ਬਾਦਲ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਅਕਾਲੀ - ਭਾਜਪਾ ਸਰਕਾਰ ਉਪਰ ਕਾਂਗਰਸੀਆਂ ਨਾਲ ਧੱਕੇਸ਼ਾਹੀ ਕਰਨ ਅਤੇ ਜਬਰ ਦਾ ਨਿਸ਼ਾਨਾ ਬਣਾਏ ਜਾਣ ਦੇ ਦੋਸ਼ ਗਲਤ ਹਨ।

ਗੁਆਚੇ ਦੀ ਭਾਲ : ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਲੱਗੇ

ਅੰਮ੍ਰਿਤਸਰ : ''ਸੁਣੋ! ਸੁਣੋ! ਸੁਣੋ! ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਭਾਜਪਾ ਐਮ.ਪੀ. ਨਵਜੋਤ ਸਿੰਘ ਸਿੱਧੂ ਗੁੰਮ ਹੈ। ਲੱਭ ਕੇ ਲਿਆਉਣ ਜਾਂ ਉਸ ਦਾ ਥਹੁ ਪਤਾ ਦੱਸਣ ਵਾਲੇ ਨੂੰ ਯੋਗ ਇਨਾਮ ਦਿੱਤਾ ਜਾਵੇਗਾ।'' ਉੇੱਘੇ ਕਾਂਗਰਸੀ ਨੇਤਾ ਤੇ ਸਾਬਕਾ ਪਾਰਲੀਮਾਨੀ ਸਕੱਤਰ ਡਾ. ਰਾਜ ਕੁਮਾਰ ਨੇ ਉਪਰੋਕਤ ਹੋਕਾ ਸਥਾਨਕ ਸਰਕਟ ਹਾਊਸ ਵਿਖੇ ਦਿੰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਗੁੰਮ ਹੈ ਤੇ ਉਹ ਜਲਦੀ ਹੀ ਉਹਨਾਂ ਦੀ ਗੁੰਮਸ਼ੁਦਗੀ ਦਾ ਇਸ਼ਤਿਹਾਰ ਅਖਬਾਰਾਂ ਵਿਚ ਦੇਣਗੇ। ਉਹਨਾਂ ਕਿਹਾ ਕਿ ਸਿੱਧੂ ਨੇ ਹਲਕੇ ਦੀਆਂ ਵੋਟਾਂ ਝੂਠੇ ਸੱਚੇ ਵਾਅਦੇ ਕਰਕੇ ਵੋਟਰਾਂ ਕੋਲੋਂ ਲਈਆਂ ਸਨ, ਜਿਨ੍ਹਾਂ ਵਿਚੋਂ ਮੁੱਖ ਵਾਅਦਾ ਉਨ੍ਹਾਂ ਨੇ ਕੀਤਾ ਸੀ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨ ਲਈ ਹਲਕੇ ਤੋਂ ਬਾਹਰ ਨਹੀਂ ਜਾਣਗੇ, ਪਰ ਸਿੱਧੂ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦਾ ਇਹ ਵਾਅਦਾ ਇਕ ਗਪੌੜ ਸੰਖ ਸੀ ਤੇ ਉਹ ਚੋਣਾਂ ਤੋਂ ਤੁਰੰਤ ਬਾਅਦ ਕਿਸੇ ਅਣਦੱਸੀ ਥਾਂ 'ਤੇ ਦੌੜ ਗਿਆ। ਉਹਨਾਂ ਕਿਹਾ ਕਿ ਸਿੱਧੂ ਨੂੰ ਕੋਈ ਹੱਕ ਨਹੀਂ ਕਿ ਉਹ ਹਲਕੇ ਦੇ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰੇ। ਇਸ ਲਈ ਜਾਂ ਤਾਂ ਉਨ੍ਹਾਂ ਨੂੰ ਵਾਪਸ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਜਾਂ ਫਿਰ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਥਾਣਾ ਸਿਵਲ ਲਾਈਨ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਹੈ। ਉਹਨਾਂ ਕਿਹਾ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਅਪੀਲ ਕਰਦੇ ਹਨ ਕਿ ਸਿੱਧੂ ਦੀ ਤੁਰੰਤ ਭਾਲ ਕਰਕੇ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਨ।ਉਹਨਾਂ ਦੇ ਨਾਲ ਉਨ੍ਹਾਂ ਦੇ ਸਾਥੀਆਂ ਨੇ ਸਿੱਧੂ ਦੀ ਤਲਾਸ਼ ਲਈ ਹੱਥਾਂ 'ਚ ਵੰਨ ਸੁਵੰਨੇ ਨਾਅਰੇ ਲਿਖੀਆਂ ਫੱਟੀਆਂ ਫੜੀਆਂ ਹੋਈਆਂ ਸਨ। ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ, ਬੱਸ ਅੱਡੇ, ਹਵਾਈ ਅੱਡਿਆਂ ਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਸਿੱਧੂ ਦੀ ਗੁੰਮਸ਼ੁਦਗੀ ਲਈ ਇਸ਼ਤਿਹਾਰ ਵੀ ਲਗਾਉਣਗੇ।

Sunday, September 20, 2009

ਜਗਦੀਸ਼ ਸਿੰਘ ਝੀਂਡਾ ਆਪਣੇ ਸਾਥੀਆਂ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼

ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਮੁੱਦੇ 'ਤੇ ਆਪਣੇ ਸਾਥੀਆਂ ਨੂੰ ਲੈ ਕੇ ਕੁਰੂਕਸ਼ੇਤਰ ਦੇ ਗੁਰਦੁਆਰੇ 'ਤੇ ਕਬਜ਼ਾ ਕਰਨ ਦੀ ਘਟਨਾ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਸੀ। ਅੱਜ 19 ਸਤੰਬਰ, ਸ਼ਨਿੱਚਰਵਾਰ ਵਾਲੇ ਦਿਨ ਜਗਦੀਸ਼ ਸਿੰਘ ਝੀਂਡਾ ਆਪਣੇ ਸਾਥੀਆਂ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਹਨ। ਇਥੇ ਪਹੁੰਚਣ ਮੌਕੇ ਬੇਸ਼ੱਕ ਉਨ੍ਹਾਂ ਸਾਫ਼ ਕਿਹਾ ਕਿ ਉਹ ਇਕ ਨਿਮਾਣੇ ਅਤੇ ਸੱਚੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਤੇ ਪੇਸ਼ ਹੋਣ ਆਏ ਹਨ, ਪਰ ਉਨ੍ਹਾਂ ਨਾਲ ਭਾਰੀ ਗਿਣਤੀ ਵਿਚ ਪਹੁੰਚੇ ਸਮਰਥਕਾਂ ਬਾਰੇ ਝੀਂਡਾ ਨੇ ਕਿਹਾ ਕਿ ਇਹ ਸਭ ਆਪਣੀ ਇੱਛਾ ਨਾਲ ਆਏ ਹਨ, ਮੈਂ ਕਿਸੇ ਨੂੰ ਨਾਲ ਲੈ ਕੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਝੀਂਡਾ ਜਿੱਥੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਪੇਸ਼ ਹੋਏ ਉਥੇ ਉਨ੍ਹਾਂ ਪੱਤਰਕਾਰਾਂ ਸਾਹਮਣੇ ਇਹ ਗੱਲ ਆਖੀ ਕਿ ਮੱਕੜ ਅਤੇ ਬਾਦਲ ਤਾਂ ਹਰ ਮੌਕੇ ਗੁਰੂ ਮਰਿਆਦਾ ਨੂੰ ਢਾਹ ਲਾਉਂਦੇ ਰਹਿੰਦੇ ਹਨ, ਤਲਬ ਕਰਨਾ ਤਾਂ ਉਨ੍ਹਾਂ ਨੂੰ ਵੀ ਬਣਦਾ ਹੈ।

Saturday, September 19, 2009

ਹੁਣ ਸੌਖੀ ਨਹੀਂ ਰਹੇਗੀ ਕਬੂਤਰਬਾਜ਼ੀ

ਟਰੈਵਲ ਏਜੰਟੀ ਨੂੰ ਵੱਧ ਨੇਮਬੱਧ ਬਣਾਉਣ ਲਈ ਆਰਡੀਨੈਂਸ ਛੇਤੀ
ਚੰਡੀਗੜ੍ਹ : ਪੰਜਾਬ ਵਿਚ ਟਰੈਵਲ ਏਜੰਟਾਂ ਦਾ ਧੰਦਾ ਕਾਨੂੰਨੀ ਦਾਇਰੇ 'ਚ ਲਿਆਂਦਾ ਜਾ ਰਿਹਾ ਹੈ। ਸਰਕਾਰ ਵਲੋਂ ਮਨੁੱਖੀ ਤਸਕਰੀ ਰੋਕੂ ਐਕਟ 2009 ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਬੰਧੀ ਆਰਡੀਨੈਂਸ ਜਾਰੀ ਕਰਨ ਲਈ ਪ੍ਰਸਤਾਵ 16 ਸਤੰਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ 'ਚ ਭੇਜਿਆ ਗਿਆ। ਆਰਡੀਨੈਂਸ ਜਾਰੀ ਹੁੰਦਿਆਂ ਹੀ ਵਿਦੇਸ਼ ਭੇਜਣ ਦਾ ਗੈਰ ਕਾਨੂੰਨੀ ਕੰਮ, ਸਭਿਆਚਾਰ ਤੇ ਖੇਡਾਂ ਦੇ ਨਾਂ 'ਤੇ ਹੁੰਦੀ ਕਬੂਤਰਬਾਜ਼ੀ, ਫਰਜ਼ੀ ਵਿਆਹ ਅਤੇ ਪੜ੍ਹਾਈ ਦੇ ਨਾਂਅ 'ਤੇ ਵਿਦੇਸ਼ ਉਡਾਰੀ ਮਾਰਨੀ ਅਸਾਨ ਗੱਲ ਨਹੀਂ ਰਹਿ ਜਾਵੇਗੀ। ਸਰਕਾਰ ਨੇ ਇਨ੍ਹਾਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ 2 ਤੋਂ 5 ਸਾਲ ਤੱਕ ਦੀ ਸਜ਼ਾ ਅਤੇ 2 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕਰ ਦਿੱਤੀ ਹੈ। ਟਰੈਵਲ ਏਜੰਟਾਂ ਦੀ ਕਥਿਤ ਲੁੱਟ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਵਿਦੇਸ਼ ਜਾਣ ਲਈ ਫੀਸਾਂ ਦੇ ਨਿਯਮ ਵੀ ਬਣਾਏ ਜਾਣਗੇ। ਇਸ ਮਾਮਲੇ 'ਚ ਝੂਠੀ ਸ਼ਿਕਾਇਤ ਕਰਨ ਵਾਲਾ ਵਿਅਕਤੀ ਵੀ ਕਾਨੂੰਨੀ ਦਾਇਰੇ ਵਿਚ ਲਿਆਂਦਾ ਗਿਆ ਹੈ ਤੇ ਅਜਿਹੇ ਵਿਅਕਤੀ ਵਿਰੁੱਧ ਦੋਸ਼ ਸਾਬਤ ਹੋਣ 'ਤੇ 2 ਸਾਲ ਦੀ ਸਜ਼ਾ ਤੇ 50 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।ਪ੍ਰਸਤਾਵ ਮੁਤਾਬਕ ਇਸ ਕਾਨੂੰਨ ਦੇ ਦਾਇਰੇ ਵਿਚ ਆਉਂਦਾ ਅਪਰਾਧ ਗੈਰ ਜ਼ਮਾਨਤਯੋਗ ਹੋਵੇਗਾ। ਟਰੈਵਲ ਏਜੰਟੀ ਦੇ ਕੰਮ ਨੂੰ ਨੱਥ ਪਾਉਣ ਵਾਲੇ ਇਸ ਨਵੇਂ ਕਾਨੂੰਨ ਵਿਚ ਜਾਅਲਸਾਜ਼ੀ ਰੋਕਣ ਅਤੇ ਫਰਜ਼ੀ ਦਸਤਾਵੇਜ਼ ਦੇ ਪ੍ਰਭਾਵ ਨੂੰ ਰੋਕਣ ਲਈ ਸਖਤੀ ਨਾਲ ਪੇਸ਼ ਆਉਣ ਦੇ ਸੰਕੇਤ ਦਿੱਤੇ ਗਏ ਹਨ। ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਏਜੰਟ ਨੂੰ ਘੱਟੋ ਘੱਟ ਦੋ ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਵਿਦੇਸ਼ ਭੇਜਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਣ ਦੀ ਸੂਰਤ ਵਿਚ ਸਜ਼ਾ 5 ਸਾਲ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਇਸ ਖਰੜੇ ਵਿਚ ਸ਼ਾਮਲ ਹੈ। ਪਾਸਪੋਰਟ ਜਾਂ ਹੋਰ ਕੋਈ ਮਹੱਤਵਪੂਰਨ ਦਸਤਾਵੇਜ਼ ਵਾਪਸ ਨਾ ਕਰਨ ਵਾਲੇ ਟਰੈਵਲ ਏਜੰਟ ਨੂੰ ਵੀ ਦੋ ਸਾਲ ਦੀ ਸਜ਼ਾ ਹੋ ਸਕੇਗੀ। ਟਰੈਵਲ ਏਜੰਟ ਦੇ ਕਾਬੂ ਨਾ ਆਉਣ ਦੀ ਸੂਰਤ ਵਿਚ ਕਾਰਜਕਾਰੀ ਅਧਿਕਾਰੀ, ਪੁਲਿਸ ਦਾ ਗਜ਼ਟਿਡ ਅਫਸਰ ਜਾਂ ਫਿਰ ਸਰਕਾਰ ਵਲੋਂ ਨਾਮਜ਼ਦ ਗਜ਼ਟਿਡ ਅਧਿਕਾਰੀ ਟਰੈਵਲ ਏਜੰਟ ਦੇ ਸਾਰੇ ਸਮਾਨ ਦੀ ਤਲਾਸ਼ੀ ਲੈਣ, ਜਿੰਦਰਾ ਤੋੜਨ ਤੇ ਸਮਾਨ ਆਪਣੇ ਕਬਜ਼ੇ 'ਚ ਲੈਣ ਤੇ ਸਮਰੱਥ ਹੋਵੇਗਾ।

ਹੁਣ ਅਮਰੀਕਾ ਨੇ ਕਿਹਾ ਪੱਗ ਉਤਾਰਨ ਲਈ

ਚੰਡੀਗੜ੍ : ਅਮਰੀਕਾ 'ਚ ਰਹਿ ਰਹੇ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਤੇ ਪੱਗ ਦੀ ਸ਼ਾਨ ਨੂੰ ਬਚਾਉਣ ਲਈ ਨਵਾਂ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕਾ ਸਰਕਾਰ ਦੇ ਨਵੇਂ ਕਾਨੂੰਨ ਆਈਡੀ ਐਕਟ ਅਨੁਸਾਰ ਸਟੈਂਡਰਡਾਈਜ਼ ਫੋਟੋਗ੍ਰਾਫ਼ਿਕ ਆਈਡੰਟੀਫ਼ਿਕੇਸ਼ਨ ਡਾਕੂਮੈਂਟ ਲਈ ਸਾਰੇ ਅਮਰੀਕੀਆਂ ਨੂੰ ਬਿਨ੍ਹਾਂ ਦਸਤਾਰ ਤੋਂ ਫ਼ੋਟੋ ਖਿਚਵਾਉਣੀ ਪਵੇਗੀ। ਇਸ ਪਾਬੰਦੀ ਨੇ ਅਮਰੀਕੀ ਸਿੱਖਾਂ ਲਈ ਵੱਡਾ ਧਰਮ ਸੰਕਟ ਪੈਦਾ ਕਰ ਦਿੱਤਾ ਹੈ। ਅਮਰੀਕਾ ਆਧਾਰਿਤ ਪ੍ਰਮੁੱਖ ਸਿੱਖ ਐਡਵੋਕੇਸੀ ਗਰੁੱਪ ਵਲੋਂ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਅਮਰੀਕਾ ਵਿਚ ਵੀ ਫ਼ਰਾਂਸ ਵਾਂਗ ਸਿੱਖਾਂ ਲਈ ਪੱਗ ਦਾ ਸੰਕਟ ਪੈਦਾ ਹੋਣ ਦੇ ਆਸਾਰ ਹਨ।ਅਮਰੀਕਾ ਵਿਚ ਤਾਜ਼ਾ ਪਗੜੀ ਸੰਕਟ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਅਮਰੀਕਨ ਲੀਗਲ ਡਿਫ਼ੈਂਸ ਤੇ ਐਜੂਕੇਸ਼ਨ ਫੰਡ ਨੇ ਦੱਸਿਆ ਕਿ 2009 ਵਿਚ ਅਮਰੀਕਾ 'ਚ ਬਣੇ ਪਾਸ ਆਈਡੀ ਐਕਟ ਤਹਿਤ ਸਾਰੇ ਅਮਰੀਕੀ ਨਾਗਰਿਕਾਂ ਲਈ ਸਟੈਂਡਰਡਾਈਜ਼ ਫ਼ੋਟੋਗ੍ਰਾਫ਼ਿਕ ਆਈਡੰਟੀਫ਼ਿਕੇਸ਼ਨ ਡਾਕੂਮੈਂਟ ਮੁਹਈਆ ਕਰਵਾਉਣ ਲਈ ਬਣਾਇਆ ਗਿਆ ਹੈ। ਇਸ ਅਨੁਸਾਰ ਸਾਰਿਆਂ ਲਈ ਹੀ ਬਿਨ੍ਹਾਂ ਦਸਤਾਰ ਤੋਂ ਫ਼ੋਟੋ ਖਿਚਵਾਉਣ ਦੀ ਬੰਦਸ਼ ਲਗਾਈ ਹੈ। ਅਮਰੀਕੀ ਸਿੱਖਾਂ ਦੀ ਇਸ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਅਮਰੀਕਾ 'ਚ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨਾਂ ਦੇ ਭੁਲੇਖੇ ਨਸਲੀ ਹਿੰਸਕ ਵਾਰਦਾਤਾਂ ਦਾ ਸ਼ਿਕਾਰ ਹੋਣਾ ਪਿਆ ਸੀ। ਇਸੇ ਕਾਰਨ ਹੀ ਸਿੱਖਾਂ ਨੂੰ ਹਿੰਸਕ ਹਮਲਿਆਂ ਤੋਂ ਇਲਾਵਾ ਨਸਲੀ ਭੁਲੇਖੇ ਕਾਰਨ ਸਰਕਾਰੀ ਬੇਰੁਖੀ ਅਤੇ ਵਿਤਕਰੇ ਦਾ ਸ਼ਿਕਾਰ ਵੀ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਫ਼ੈਡਰਲ ਸਰਕਾਰ ਤੇ ਸਟੇਟਸ ਸਰਕਾਰ ਦਾ ਨਵਾਂ ਕਾਨੂੰਨ ਪਾਸ ਆਈਡੀ ਐਕਟ 2009 ਵੀ ਇਸੇ ਦਾ ਹੀ ਹਿੱਸਾ ਹੈ ਜੋ ਸਿੱਖਾਂ ਲਈ ਵੱਡਾ ਸੰਕਟ ਪੈਦਾ ਕਰਨ ਵਾਲਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਸਿੱਖਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਅਮਰੀਕਾ ਸਰਕਾਰ ਨੂੰ ਇਹ ਯਕੀਨੀ ਤੌਰ 'ਤੇ ਜਤਾਇਆ ਜਾਵੇ ਕਿ ਸਿੱਖ ਵੀ ਅਮਰੀਕਾ ਦੇ ਅਮਨ-ਪਸੰਦ ਨਾਗਰਿਕ ਹਨ ਤੇ ਸਰਕਾਰ ਨੂੰ ਸਿੱਖਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਸਿੱਖ ਭਾਵਨਾਵਾਂ ਦੇ ਵਿਰੁੱਧ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਨੂੰ ਕੋਈ ਖ਼ਤਰਾ ਪੈਦਾ ਹੋ ਸਕੇ। ਸੰਸਥਾ ਦਾ ਕਹਿਣਾ ਹੈ ਕਿ ਉਹ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਚਾਹੁੰਦੇ ਕਿ ਅਮਰੀਕੀ ਸਰਕਾਰ ਨੂੰ ਸਟੇਟਸ ਦੇ ਡਿਪਾਰਟਮੈਂਟ ਸਟੈਂਡਰਡਜ਼ ਨੂੰ ਨਜ਼ਰਅੰਦਾਜ਼ ਕਰਨਾ ਪਵੇ ਤੇ ਅਮਰੀਕੀ ਸਿੱਖਾਂ ਨੂੰ ਕ੍ਰਿਟੀਕਲ ਆਈਡੈਂਟੀਫ਼ਿਕੇਸ਼ਨ ਕਾਗਜ਼ਾਤ ਪ੍ਰਾਪਤ ਕਰਨ ਲਈ ਆਪਣੀ ਪੱਗ ਲਾਹੁਣੀ ਪਵੇ। ਸੰਸਥਾ ਦਾ ਕਹਿਣਾ ਹੈ ਕਿ ਪਾਸ ਆਈਡੀ ਐਕਟ 2009 ਵਿਚ ਇਹ ਨਹੀਂ ਸਮਝਾਇਆ ਜਾ ਸਕਿਆ ਕਿ ਧਾਰਮਿਕ ਰਵਾਇਤੀ ਚਿੰਨ੍ਹ ਜਿਵੇਂ ਪਗੜੀ ਜਾਂ ਸਕਾਰਫ਼ ਪਹਿਨਣ ਵਿਚ ਅਮਰੀਕੀ ਕਾਨੂੰਨ 'ਚ ਕੋਈ ਢਿੱਲ ਵਰਤੀ ਜਾਵੇਗੀ ਕਿ ਨਹੀਂ ਕਿਉਂਕਿ ਅਮਰੀਕਾ ਦੀ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਵਿਚ ਮੌਜੂਦ ਹਾਈ ਲੈਵਲ ਬਿਊਰੋਕਰੈਟਸ ਦਾ ਮੰਨਣਾ ਹੈ ਕਿ ਪਛਾਣ ਪੱਤਰ ਫ਼ੋਟੋਆਂ 'ਚ ਪਗੜੀ ਬੰਨਣਾ ਜਾਂ ਸਕਾਰਫ਼ ਪਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਿੱਖ ਸੰਸਥਾ ਮੁਤਾਬਕ ਅਮਰੀਕਾ 'ਚ ਸਿੱਖਾਂ ਨਾਲ ਪੱਗ ਦੇ ਮਸਲੇ 'ਤੇ ਹੋਏ ਵਿਤਕਰੇ ਦੀਆਂ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਹਨ, ਜਿਥੇ ਸਿੱਖਾਂ ਨੂੰ ਪੱਗ ਬੰਨਣ ਤੋਂ ਰੋਕਿਆ ਗਿਆ। ਬੀਤੇ ਸਾਲ ਵੀ ਅਮਰੀਕਾ ਵਿਚ ਸਿੱਖਾਂ ਨੂੰ ਇਹੋ-ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਜਿਥੇ ਸਿੱਖਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਤੇ ਧਰਮ ਦੀਆਂ ਪ੍ਰੰਪਰਾਵਾਂ ਨੂੰ ਮੰਨਣ ਤੋਂ ਵਾਂਝੇ ਕਰਨ ਲਈ ਕਾਨੂੰਨ ਥੋਪੇ ਗਏ। ਇਨ੍ਹਾਂ ਵਿਚ ਓਕਲਾਹੋਮਾ, ਮਿਨੇਸੋਟਾ ਸਟੇਟਸ ਨੇ ਵੀ ਪਛਾਣ ਪੱਤਰ ਲਈ ਬਿਨ੍ਹਾਂ ਪੱਗ ਤੋਂ ਫ਼ੋਟੋ ਖਿਚਵਾਉਣ ਦੀ ਸ਼ਰਤ ਲਗਾਈ ਸੀ। ਓਰੇਗਾਨ ਸਟੇਟ ਵਿਚ ਤਾਂ ਅਧਿਆਪਕਾਂ ਨੂੰ ਧਾਰਮਿਕ ਪੁਸ਼ਾਕ ਪਹਿਨਣ 'ਤੇ ਵੀ ਰੋਕ ਲਗਾ ਦਿੱਤੀ ਸੀ ਅਤੇ ਮਿਸ਼ੀਗਨ ਸੁਪਰੀਮ ਕੋਰਟ ਨੇ ਜੱਜਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਕਿ ਉਹ ਪੱਗ ਬੰਨਣ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕਰ ਸਕਦੇ ਹਨ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਅਮਰੀਕਾ ਵਿਚ ਵਾਪਰਦੀਆਂ ਆ ਰਹੀਆਂ ਹਨ, ਜਿਸ ਨਾਲ ਅਮਰੀਕਾ ਦੇ ਸਿੱਖਾਂ ਦੀਆਂ ਧਾਰਮਿਕ ਭਾਵਾਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅਮਰੀਕੀ ਸਿੱਖਾਂ ਨੂੰ ਇਹ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਕਿਤੇ ਅਮਰੀਕਾ ਵੀ ਫ਼ਰਾਂਸ ਵਾਂਗ ਦਸਤਾਰ ਦੇ ਮਸਲੇ ਨੂੰ ਲੈ ਕੇ ਉਸੇ ਰਾਹ 'ਤੇ ਨਾ ਤੁਰ ਪਵੇ ਜਿਸ ਨਾਲ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਲਈ ਵੱਡਾ ਸੰਕਟ ਪੈਦਾ ਹੋ ਜਾਵੇ।

5 ਕਰੋੜ 'ਚ ਪਈ ਅਕਾਲੀਆਂ ਦੀ ਸ਼ਿਮਲਾ ਤਫਰੀ

ਦੀਪਕ ਸ਼ਰਮਾ
ਚੰਡੀਗੜ੍ਹ : ਅਕਾਲੀ ਦਲ ਦੀ ਸ਼ਿਮਲਾ ਵਿਖੇ ਹੋਈ ਚਿੰਤਨ ਬੈਠਕ ਵਿਚੋਂ ਖੱਟਿਆ ਹੋਇਆ ਤਾਂ ਕੁਝ ਨਜ਼ਰ ਨਹੀਂ ਆਇਆ, ਪਰ ਇਸ ਬੈਠਕ 'ਤੇ ਬਾਦਲ ਪਾਰਟੀ 5 ਕਰੋੜ ਖਰਚ ਕੇ ਵਾਪਸ ਪਰਤ ਆਈ ਹੈ। ਅਕਾਲੀ ਦਲ ਦੀ ਇਸ ਚਿੰਤਨ ਬੈਠਕ ਵਿਚ 60 ਗੱਡੀਆਂ ਵਿਚ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਐਮ ਪੀ, ਵਿਧਾਇਕ ਅਤੇ ਸਾਬਕਾ ਵਿਧਾਇਕ ਸ਼ਿਮਲਾ ਤਫਰੀ 'ਤੇ ਸਨ। ਇਨ੍ਹਾਂ ਸਭ ਦੇ ਠਹਿਰਨ ਲਈ ਉੱਥੇ ਫਾਈਵ ਸਟਾਰ ਹੋਟਲ ਸੀਸਿਲ ਵਿਚ ਪ੍ਰਬੰਧ ਸੀ। ਤਿੰਨ ਦਿਨ ਤੱਕ ਆਗੂਆਂ ਨੇ ਡਿਨਰ ਅਤੇ ਬਰੇਕ ਫਾਸਟ ਵੀ ਇੱਥੇ ਹੀ ਕੀਤਾ। ਇਕੱਲੇ ਹੋਟਲ ਦਾ ਬਿੱਲ ਹੀ ਲਗਭਗ ਦੋ ਕਰੋੜ ਰੁਪਏ ਬਣ ਗਿਆ। ਬੈਠਕ ਤੋਂ ਬਾਅਦ ਅਕਾਲੀਆਂ ਨੇ ਫਾਈਵ ਸਟਾਰ ਹੋਟਲ ਵਾਈਲਡ ਫਲਾਵਰ ਹਾਲ ਵਿਚ ਲੰਚ ਕੀਤਾ। ਜਦੋਂ ਕਿ ਸੰਮੇਲਨ ਥਰੀ ਸਟਾਰ ਸਹੂਲਤ ਵਾਲੇ ਸੂਬਾ ਗੈਸਟ ਪੀਟਰ ਹੌਫ ਵਿਚ ਸੀ। ਪੀਟਰ ਹੌਫ ਵਿਚ ਆਗੂਆਂ ਤੋਂ ਇਲਾਵਾ ਸਕਿਓਰਿਟੀ ਕਰਮਚਾਰੀ, ਪਰਸਨਲ ਸਟਾਫ ਸਣੇ ਲਗਭਗ 250 ਲੋਕਾਂ ਨੇ ਦੋ ਦਿਨ ਤੱਕ ਲੰਚ ਕੀਤਾ। ਬੈਠਕ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਅਕਾਲੀ ਆਗੂਆਂ ਨੇ ਮਾਲ ਰੋਡ 'ਤੇ ਗੇੜੀਆਂ ਵੀ ਲਾਈਆਂ। ਜ਼ਿਕਰਯੋਗ ਹੈ ਕਿ ਇਸ ਚਿੰਤਨ ਬੈਠਕ 'ਤੇ ਮੀਡੀਆ ਸਣੇ ਰਾਜਨੀਤਕ ਪਾਰਟੀਆਂ ਅਤੇ ਲੀਡਰਾਂ ਦੀਆਂ ਵੀ ਨਜ਼ਰਾਂ ਇਸ ਲਈ ਟਿਕ ਗਈਆਂ ਸਨ ਕਿ ਐਨ ਬੈਠਕ ਤੋਂ ਇਕ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਸਬਸਿਡੀਆਂ ਦੇ ਨਾਂ 'ਤੇ ਅਜਿਹਾ ਸ਼ਗੂਫਾ ਛੱਡਿਆ, ਕਿ ਇੰਝ ਜਾਪਣ ਲੱਗਾ ਕਿ ਚਿੰਤਨ ਬੈਠਕ ਦੌਰਾਨ ਮਨਪ੍ਰੀਤ ਬਾਦਲ ਅਕਾਲੀ ਦਲ 'ਤੇ ਹਮਲਾ ਬੋਲਣ ਵਾਲੇ ਹਨ। ਪਰ ਮਨਪ੍ਰੀਤ ਬਾਦਲ ਨਾਂ ਦਾ ਬੰਬ ਸ਼ਿਮਲਾ ਪਹੁੰਚਦੇ ਪਹੁੰਚਦੇ ਠੁੱਸ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਇਸ ਗੱਲ ਲਈ ਮਨਾ ਲਿਆ ਗਿਆ ਕਿ ਉਹ ਇਸ ਮੌਕੇ ਸਬਸਿਡੀਆਂ ਦਾ ਮੁੱਦਾ ਨਾ ਉਠਾਵੇ ਤੇ ਉਹ ਮੰਨ ਵੀ ਗਏ। ਆਖਰ ਅਕਾਲੀ ਦਲ ਵਾਲੇ ਬਾਦਲ ਅਤੇ ਸੁਖਬੀਰ ਬਾਦਲ ਦੇ ਗੁਣਗਾਣ ਗਾ ਕੇ 5 ਕਰੋੜ ਉਡਾ ਕੇ ਘਰ ਨੂੰ ਮੁੜ ਆਏ। ਪੰਜਾਬ ਦੇ ਇੱਕ ਵੱਡੇ ਆਗੂ ਨੇ ਇਸ ਬੈਠਕ 'ਤੇ ਕੁਮੈਂਟ ਕਰਦਿਆਂ ਕਿਹਾ ਕਿ ਇਹ ਤਾਂ ਸੁਖਬੀਰ ਬਾਦਲ ਅਕਾਲੀਆਂ ਨੂੰ ਕਾਂਗਰਸੀ ਕਲਚਰ ਵਾਂਗ ਐਸ਼ ਪ੍ਰਸਤੀ ਸਿਖਾਉਣ ਲਈ ਸ਼ਿਮਲਾ ਫੇਰੀ 'ਤੇ ਲੈ ਗਿਆ ਸੀ। ਪਰ ਸੱਚ ਹੈ ਕਿ ਆਮ ਲੋਕਾਂ ਦੀ ਪਾਰਟੀ ਸਮਝੀ ਜਾਣ ਵਾਲੀ ਅਕਾਲੀ ਦਲ ਦੀਆਂ ਜੋ ਬੈਠਕਾਂ ਕਦੇ ਗੁਰਦੁਆਰਿਆਂ ਦੇ ਹਾਲ ਕਮਰਿਆਂ ਵਿਚ ਦਰੀਆਂ 'ਤੇ ਹੀ ਹੋ ਜਾਂਦੀਆਂ ਸਨ, ਉਹ ਹੁਣ ਸ਼ਿਮਲਾ ਦੇ ਫਾਈਵ ਸਟਾਰ ਵਿਚ ਹੋਣ ਲੱਗ ਪਈਆਂ ਹਨ, ਜੋ ਸਾਫ ਹੈ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਥਿਰਕ ਚੁੱਕਾ ਹੈ। ਇਹਨਾਂ ਸਿਧਾਂਤਾਂ ਬਾਰੇ ਚਿੰਤਨ ਬੈਠਕ ਕਦੋਂ ਹੋਵੇਗੀ ਇਸ ਦੀ ਸੰਭਾਵਨਾ ਨਹੀਂ।

Friday, September 11, 2009

ਨਿਠਾਰੀ ਕਾਂਡ ਦਾ ਆਰੋਪੀ ਮੋਨਿੰਦਰ ਸਿੰਘ ਰਿਹਾਅ

ਨਿਠਾਰੀ ਕਾਂਡ ਦੇ ਪ੍ਰਮੁੱਖ ਆਰੋਪੀ ਮੋਨਿੰਦਰ ਸਿੰਘ ਪੰਢੇਰ ਨੂੰ ਸ਼ੁਕਰਵਾਰ ਨੂੰ ਇਲਾਹਾਬਾਦ ਹਾਈਕੋਰਟ ਨੇ ਰਿਹਾਅ ਕਰ ਦਿੱਤਾ। ਉਸ ਨੂੰ ਸੀਬੀਆਈ ਕੋਰਟ ਨੇ ਰਿੰਪਾ ਹਲਦਰ ਮਾਮਲੇ ਵਿੱਚ ਫਾਂਸੀ ਦੀ ਸਜਾ ਸੁਣਾਈ ਸੀ। ਹਾਲਾਂਕਿ ਹੋਰ ਆਰੋਪੀ ਸੁਰਿੰਦਰ ਕੋਹਲੀ ਦੀ ਸਜਾ ਬਰਕਰਾਰ ਰਹੇਗੀ। ਉੱਤਰਪ੍ਰਦੇਸ਼ ਦੀ ਮੁੱਖ ਅਦਾਲਤ ਨੇ ਸਬੂਤਾਂ ਦੀ ਕਮੀ ਵਿੱਚ ਮੋਨਿੰਦਰ ਕਾਰਨ ਦੋਸ਼ਮੁਕਤ ਕਰਾਰ ਦਿੱਤਾ। ਮੋਨਿੰਦਰ ਦੇ ਵਕੀਲ ਆਰਐਸ ਸੋਢੀ ਨੇ ਕੋਰਟ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ ਮੋਨਿੰਦਰ ਨੋਇਡਾ ਵਿੱਚ ਮੌਜੂਦ ਨਹੀਂ ਸੀ। ਉਹ ਵਿਦੇਸ਼ ਵਿੱਚ ਸੀ, ਇਸ ਲਈ ਮੋਨਿੰਦਰ ਦੇ ਖਿਲਾਫ ਸਬੂਤ ਨਹੀਂ ਬਣਦਾ। ਉਹਨਾਂ ਨੇ ਕਿਹਾ ਕਿ ਮੋਨਿੰਦਰ ਸਾਜਿਸ਼ ਵਿੱਚ ਸ਼ਾਮਿਲ ਨਹੀਂ ਹਨ। ਸੀਬੀਆਈ ਦੇ ਤਰਕਾਂ ਨਾਲ ਵੀ ਉਹਨਾਂ ਦਾ ਜੁਰਮ ਸਾਬਿਤ ਨਹੀਂ ਹੁੰਦਾ।

Thursday, September 10, 2009

ਮੁਕਤਸਰ ਵਿੱਚ ਮਿਗ-21 ਹਾਦਸਾਗ੍ਰਸਤ, ਪਾਇਲਟ ਦੀ ਮੌਤ

ਭਾਰਤੀ ਹਵਾਈ ਸੈਨਾ ਦਾ ਮਿਗ 21 ਲੜਾਕੂ ਹਵਾਈ ਜਹਾਜ ਮੁਕਤਸਰ ਜਿਲ੍ਹੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ।ਮੁਕਤਸਰ ਦੇ ਉਪ ਕਮਿਸ਼ਨਰ ਰਜਤ ਅਗਰਵਾਲ ਨੇ ਭਾਸ਼ਾ ਨੂੰ ਫੋਨ ਉੱਤੇ ਦੱਸਿਆ ਕਿ ਇਹ ਹਵਾਈ ਜਹਾਜ ਨਿਯਮਤ ਉਡਾਨ ਉੱਤੇ ਸੀ ਤੇ ਉਸਨੇ ਬਠਿੰਡਾ ਤੋਂ ਉਡਾਨ ਭਰੀ ਸੀ।ਉਹਨਾਂ ਨੇ ਦੱਸਿਆ ਕਿ ਉਹ ਮਿਗ ਇੱਥੋਂ ਕਰੀਬ 20 ਕਿਲੋਮੀਟਰ ਦੂਰ ਮੁਕਤਸਰ ਬਠਿੰਡਾ ਰੋਡ ਉੱਤੇ ਭਲਾਈਆਣਾ ਪਿੰਡ ਵਿੱਚ ਦੁਰਘਟਨਾਗ੍ਰਸਤ ਹੋ ਗਿਆ।ਇਸ ਦੁਰਘਟਨਾ ਵਿੱਚ ਮਿਗ 21 ਦੇ ਪਾਇਲਟ ਲੈਫ਼ਟੀਨੰਟ ਮਨੁ ਅਖੋਰੀ ਦੀ ਮੌਤ ਹੋ ਗਈ। ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪੁੱਜ ਗਏ ਹਨ।

ਚੰਡੀਗੜ੍ਹ ਲਾਗੇ ਭਾਰੀ ਬਾਰਿਸ਼,ਆਮ ਜੀਵਨ ਪ੍ਰਭਾਵਿਤ

ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿਚ ਬੀਤੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਕਾਰਣ ਆਮ ਜੀਵਨ ਪ੍ਰਭਾਵਿਤ ਹੋਇਆ ਹੈ।ਮੌਸਮ ਦਫਤਰ ਮੁਤਾਬਕ ਅਗਲੇ ਦੋ ਦਿਨਾਂ ਵਿਚ ਮੌਸਮ ਵਿਚ ਕੁੱਝ ਤਬਦੀਲੀ ਆਉਣ ਅਤੇ ਬਾਰਿਸ਼ ਦੀ ਸਥਿੱਤੀ ਵਿਚ ਸੁਧਾਰ ਦੀ ਆਸ ਹੈ।ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਹੋ ਰਹੀ ਬਾਰਿਸ਼ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਹੇਠਲੇ ਇਲਾਕਿਆਂ ਵਿਚ ਸੜ੍ਹਕਾਂ ਉੱਪਰ ਕਈ ਥਾਂਈਂ ਪਾਣੀ ਭਰ ਗਿਆ ਹੈ।ਹੇਠਲੇ ਇਲਾਕਿਆਂ ਦੇ ਘਰਾਂ ਵਿਚ ਪਾਣੀ ਵੀ ਦਾਖਲ ਹੋ ਗਿਆ ਹੈ ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।ਮੌਸਮ ਦਫਤਰ ਮੁਤਾਬਕ ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਮੀਂਹ ਦੀ ਕਮੀ ਕਾਫੀ ਹੱਦ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।ਚੰਡੀਗੜ੍ਹ ਵਿਚ 106 ਮਿਲੀਮੀਟਰ ਬਾਰਿਸ਼ ਹੋਈ ਜਿਸ ਨਾਲ ਪਾਰਾ ਕਈ ਡਿਗਰੀ ਡਿੱਗਣ ਨਾਲ ਮੌਸਮ ਠੰਡਾ ਹੋ ਗਿਆ ਹੈ।ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਦੇ ਨਾਲੇ ਭਰੇ ਹੋਏ ਹਨ।ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਦਫਤਰੀ ਮੁਲਾਜ਼ਮਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਰਿਆਣਾ ਦੇ ਵੀ ਅੱਧੇ ਨਾਲੋਂ ਵੱਧ ਇਲਾਕਿਆਂ ਵਿਚ ਬਾਰਿਸ਼ ਹੋਈ ਹੈ।ਜ਼ਿਕਰਯੋਗ ਹੈ ਕਿ ਇਸ ਬਾਰਿਸ਼ ਨੂੰ ਖੇਤੀ ਲਈ ਚੰਗਾ ਮੰਨਿਆ ਜਾ ਰਿਹਾ ਹੈ ਅਤੇ ਰਬੀ ਦੀ ਬਿਜਾਈ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸਕੂਲ 'ਚ ਭੱਜਦੜ, 5 ਕੁੜੀਆਂ ਦੀ ਮੌਤ

ਉੱਤਰ ਪੂਰਬੀ ਦਿੱਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਅੱਜ ਸਵੇਰੇ ਮੱਚੀ ਭੱਜਦੜ ਦੇ ਕਾਰਣ ਪੰਜ ਕੁੜੀਆਂ ਦੀ ਮੌਤ ਹੋ ਗਈ ਜਦਕਿ 32 ਹੋਰ ਬੁਰੀ ਤਰ੍ਹਾਂ ਫੱਟੜ ਹੋ ਗਈਆਂ।ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਖਜੂਰੀ ਖਾਸ ਇਲਾਕੇ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਇਆ। ਫੱਟੜਾਂ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਉੱਧਰ, ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ਼ੀਲਾ ਦੀਕਿਸ਼ਤ ਫੱਟੜਾਂ ਦਾ ਹਾਲ ਚਾਲ ਪੁੱਛਣ ਦੇ ਲਈ ਹਸਪਤਾਲ ਜਾਣ ਵਾਲੀ ਹੈ।

ਬੂਟਾ ਸਿੰਘ ਦਾ ਬਿਆਨ ਦਰਜ

ਸੀਬੀਆਈ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਪ੍ਰਮੁੱਖ ਬੂਟਾ ਸਿੰਘ ਦਾ ਇੱਕ ਰਿਸ਼ਵਤਖੋਰੀ ਮਾਮਲੇ ਵਿੱਚ ਗਵਾਹ ਦੇ ਤੌਰ 'ਤੇ ਬਿਆਨ ਦਰਜ ਕੀਤਾ।ਬੂਟਾ ਸਿੰਘ ਨੇ ਇੱਥੇ ਲੋਕ ਨਾਇਕ ਭਵਨ ਸਥਿਤ ਆਪਣੇ ਆਯੋਗ ਦਫ਼ਤਰ ਵਿੱਚ ਸੀਬੀਆਈ ਦੀ ਦੋ ਮੈਂਬਰੀ ਟੀਮ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ।ਸਾਬਕਾ ਰਾਜਪਾਲ ਨੇ 31 ਅਗਸਤ ਨੂੰ ਦਿੱਲੀ ਉੱਚ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਹ ਇਹ ਸਪੱਸ਼ਟ ਹੋ ਜਾਣ ਦੇ ਬਾਅਦ ਹੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ ਕਿ ਮਾਮਲੇ ਵਿੱਚ ਉਹਨਾਂ ਦੀ ਗਵਾਹ ਦੇ ਰੂਪ ਵਿੱਚ ਜਰੂਰਤ ਹੈ।ਇੱਥੇ ਦੱਸਣਯੋਗ ਹੈ ਕਿ ਉਹਨਾਂ ਦਾ ਇਹ ਬਿਆਨ ਉਹਨਾਂ ਦੇ ਪੁੱਤਰ ਖਿਲਾਫ਼ ਦਰਜ ਰਿਸ਼ਵਤ ਲੈਣ ਦੇ ਮਾਮਲੇ ਸਬੰਧੀ ਲਿਆ ਗਿਆ।

Wednesday, September 9, 2009

ਹਰਭਜਨ ਸਿੰਘ ਭੱਜੀ ਨੂੰ ਵਿਵਾਦਾਂ 'ਚ ਰਹਿਣ ਦੀ ਆਦਤ

ਬੰਗਲੋਰ : ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ਹਰਭਜਨ ਸਿੰਘ ਭੱਜੀ ਨੂੰ ਵਿਵਾਦਾਂ 'ਚ ਰਹਿਣ ਦੀ ਆਦਤ ਪੈ ਗਈ ਹੈ। ਭਾਰਤੀ ਟੀਮ ਦੇ ਸ੍ਰੀਲੰਕਾ ਰਵਾਨਾ ਹੋਣ ਵਕਤ ਹਰਭਜਨ ਸਿੰਘ ਨੇ ਬੰਗਲੌਰ ਹਵਾਈ ਅੱਡੇ 'ਤੇ ਇਕ ਕੈਮਰਾਮੈਨ ਨੂੰ ਜ਼ੋਰਦਾਰ ਧੱਕਾ ਦੇ ਦਿੱਤਾ। ਭੱਜੀ ਇਸ ਮੌਕੇ ਖਾਸੇ ਗੁੱਸੇ 'ਚ ਨਜ਼ਰ ਆ ਰਹੇ ਸਨ। ਉਨ੍ਹਾਂ ਜਦੋਂ ਇਹ ਹਰਕਤ ਕੀਤੀ ਉਸ ਸਮੇਂ ਉਥੇ ਮੀਡੀਆ ਦੀ ਵੱਡੀ ਭੀੜ ਲੱਗੀ ਹੋਈ ਸੀ। ਜਿਸ ਕੈਮਰਾਮੈਨ ਨੂੰ ਭੱਜੀ ਨੇ ਧੱਕਾ ਦਿੱਤਾ ਉਹ ਇਕ ਸਥਾਨਕ ਟੀਵੀ ਚੈਨਲ ਨਾਲ ਸਬੰਧਤ ਸੀ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੀ ਭੱਜੀ ਸਾਇਮੰਡਸ ਨਾਲ ਫ਼ਿਰ ਆੲਪੀਐਲ ਵਿਚ ਸ੍ਰੀਸ਼ਾਂਤ ਨੂੰ ਥੱਪੜ ਮਾਰਨ ਕਾਰਨ ਅਤੇ ਹੁਣੇ ਜਿਹੇ ਚੰਡੀਗੜ੍ਹ 'ਚ ਬਿਨ੍ਹਾਂ ਨੰਬਰ ਤੋਂ ਹਮਰ ਲੈ ਕੇ ਘੁੰਮਣ ਕਾਰਨ ਵਿਵਾਦਾਂ ਵਿਚ ਰਹੇ ਹਨ।

Tuesday, September 8, 2009

‘ਤਰੱਕੀ ਲੈਣ ਲਈ ਪੁਲਿਸ ਨੇ ਕੀਤਾ ਝੂਠਾ ਪੁਲਿਸ ਮੁਕਾਬਲਾ’

ਨਰੇਂਦਰ ਮੋਦੀ ਸਰਕਾਰ ’ਤੇ ਇਕ ਹੋਰ ਕਲੰਕ
ਮੈਜਿਸਟਰੇਟ ਨੇ ਜਾਂਚ ਰਿਪੋਰਟ ’ਚ ਕੀਤਾ ਖੁਲਾਸਾ, ਮੁਸਲਿਮ ਵਿਦਿਆਰਥਣ ਇਸ਼ਰਤ ਜਹਾਂ ਤੇ ਉਸਦੇ ਤਿੰਨ ਸਾਥੀਆਂ ਨੂੰ ਪੁਲਿਸ ਅਫਸਰਾਂ ਨੇ ਸ਼ਾਬਾਸ਼ੀ ਲਈ ਬਣਾਇਆ ਸੀ ਸ਼ਿਕਾਰ
ਅਹਿਮਦਾਬਾਦ : ਗੁਜਰਾਤ ਦੇ ਖੂਨੀ ਦੰਗਿਆਂ ਦੇ ਮਾਮਲੇ ’ਚ ਬਦਨਾਮ ਨਰੇਂਦਰ ਮੋਦੀ ਸਰਕਾਰ ਦਾ ਇਕ ਹੋਰ ਕੱਚਾ ਚਿੱਠਾ ਖੁਲ ਗਿਆ ਹੈ। ਗੁਜਰਾਤ ਪੁਲਿਸ ਦੀ ਕਰਾਈਮ ਬਰਾਂਚ ਨੇ 15 ਜੂਨ 2004 ਨੂੰ ਇਕ ਮੁਟਿਆਰ ਸਣੇ ਚਾਰ ਨੌਜਵਾਨਾਂ ਨੂੰ ਇਕ ਕਥਿਤ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਸੀ। ਪਰ ਇਸ ਕੇਸ ਦੀ ਜਾਂਚ ਲਈ ਲਗਾਏ ਮੈਜਿਸਟ੍ਰੇਟ ਐਸਪੀ ਤਮਾਂਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਮੁਕਾਬਲਾ ਝੂਠਾ ਸੀ ਅਤੇ ਪੁਲਿਸ ਅਧਿਕਾਰੀਆਂ ਨੇ ਤਰੱਕੀਆਂ ਪਾਉਣ ਲਈ ਪੁਲਿਸ ਮੁਕਾਬਲੇ ਦੀ ਕਹਾਣੀ ਘੜੀ ਸੀ। ਮਾਰੇ ਗਏ ਅਮਜਦ, ਜੀਸ਼ਾਨ, ਜਾਵੇਦ ਅਤੇ ਇਸ਼ਰਤ ਜਹਾਂ ਦੇ ਪਰਿਵਾਰ ਵਾਲਿਆਂ ਨੂੰ ਜਾਂਚ ਰਿਪੋਰਟ ਵਿਚ ਹੋਏ ਇਸ ਖੁਲਾਸੇ ਨਾਲ ਨਿਆਂ ਦੀ ਆਸ ਬੱਝ ਗਈ ਹੈ, ਉਥੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸ਼ਜਾ ਦਿਵਾਉਣ ਦੀ ਥਾਂ ਮੋਦੀ ਸਰਕਾਰ ਇਨਾਂ ਦੇ ਬਚਾਅ ਵਿਚ ਖੜੀ ਹੋ ਗਈ ਹੈ। ਗੁਜਰਾਤ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ਼ਰਤ ਜਹਾਂ ਕਤਲ ਕੇਸ ਵਿਚ ਜਸਟਿਸ ਤਮਾਂਗ ਦੀ ਰਿਪੋਰਟ ਨੂੰ ਚੁਣੌਤੀ ਦੇਵੇਗੀ।ਚੇਤੇ ਰਹੇ ਕਿ ਇਸ਼ਰਤ ਜਹਾਂ ਦੀ ਮਾਂ ਸ਼ਮੀਮਾਂ ਦੀ ਇਕ ਪਟੀਸ਼ਨ ’ਤੇ ਇਹ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਗੁਜਰਾਤ ਪੁਲਿਸ ਨੇ 2004 ਵਿਚ ਦਾਅਵਾ ਕੀਤਾ ਸੀ ਕਿ ਉਨਾਂ ਨੂੰ ਖੁਫੀਆ ਸੂਚਨਾ ਸੀ ਕਿ ਲਸ਼ਕਰ ਏ ਤਾਇਬਾ ਦਾ ਆਤਮਘਾਤੀ ਦਸਤਾ ਮੁੱਖ ਮੰਤਰੀ ਨਰੇਂਦਰ ਮੋਦੀ ਦੀ ਹੱਤਿਆ ਦੇ ਇਰਾਦੇ ਨਾਲ ਸ਼ਹਿਰ ਵਿਚ ਪਹੁੰਚਿਆ ਹੈ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਦਹਿਸ਼ਤਗਰਦ ਸ਼ਹਿਰ ਵਿਚ ਵੜ ਰਹੇ ਸਨ ਤਾਂ ਪੁਲਿਸ ਨੇ ਇਨਾਂ ਨੂੰ ਘੇਰ ਲਿਆ ਅਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਚਾਰ ਕਥਿਤ ਦਹਿਸ਼ਤਗਰਦ ਮਾਰੇ ਗਏ। ਪੁਲਿਸ ਨੇ ਇਹ ਵੀ ਕਿਹਾ ਸੀ ਕਿ ਇਨਾਂ ਵਿਚ ਦੋ ਪਾਕਿਸਤਾਨੀ ਨਾਗਰਿਕ ਸਨ। ਪੁਲਿਸ ਦਲ ਦੀ ਅਗਵਾਈ ਡੀਜੀ ਵਨਜਾਰਾ ਨੇ ਕੀਤੀ ਸੀ। ਇਸ ਸਮੇਂ ਉਹ ਸੋਹਰਾਬੂਦੀਨ ਨਾਂ ਦੇ ਇਕ ਨੌਜਵਾਨ ਦੀ ਝੂਠੇ ਪੁਲਿਸ ਮੁਕਾਬਲੇ ਵਿਚ ਹੱਤਿਆ ਦੇ ਕੇਸ ਵਿਚ ਜੇਲ ਵਿਚ ਬੰਦ ਹੈ। ਅਹਿਮਦਾਬਾਦ ਦੀ ਮੈਟਰੋਪੋਲਿਟਿਨ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਗੁਜਰਾਤ ਪੁਲਿਸ ਨੇ ਇਹ ਹੱਤਿਆ ਕੀਤੀ ਹੈ।ਅਦਾਲਤ ਨੇ ਅਪਣੀ ਸਖਤ ਟਿੱਪਣੀ ਵਿਚ ਕਿਹਾ ਕਿ ਇਸ ਹੱਤਿਆ ਵਿਚ ਸ਼ਾਮਲ ਗੁਜਰਾਤ ਪੁਲਿਸ ਦੇ ਅਧਿਕਾਰੀਆਂ ਨੇ ਨਿਜੀ ਲਾਭ ਦੇ ਲਈ ਅਜਿਹਾ ਕੀਤਾ ਹੈ। ਇਹ ਪੁਲਿਸ ਅਫਸਰ ਮੋਦੀ ਸਰਕਾਰ ਵਿਚ ਪ੍ਰਮੋਸ਼ਨ ਅਤੇ ਜਨਤਾ ਵਿਚ ਸ਼ਾਬਾਸ਼ੀ ਚਾਹੁੰਦੇ ਸਨ। ਅਦਾਲਤ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਤੋਂ ਸ਼ਾਬਾਸ਼ੀ ਲੈਣ ਲਈ ਕੁਝ ਪੁਲਿਸ ਅਫਸਰਾਂ ਨੇ ਇਹ ਦਰਿੰਦਗੀ ਵਾਲਾ ਕੰਮ ਕੀਤਾ ਹੈ।

ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਦੇਹਾਂਤ

ਚੰਡੀਗੜ : ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਹਰਚਰਨ ਸਿੰਘ ਬਰਾੜ ਦਾ ਦੇਹਾਂਤ ਹੋ ਗਿਆ। ਉਨਾਂ ਨੇ ਪੀਜੀਆਈ ਚੰਡੀਗੜ ਵਿਚ ਆਖ਼ਰੀ ਸਾਹ ਲਿਆ। ਉਨਾਂ ਨੂੰ ਦਿਲ ਅਤੇ ਗੁਰਦੇ ਦੀ ਤਕਲੀਫ਼ ਕਾਰਨ 26 ਅਗਸਤ ਨੂੰ ਇਲਾਜ ਲਈ ਪੀ ਜੀ ਆਈ ਦਾਖ਼ਲ ਕਰਵਾਇਆ ਗਿਆ ਸੀ। ਉਹ 87 ਸਾਲਾਂ ਦੇ ਸਨ। ਉਨ•ਾਂ ਦੇ ਪਰਿਵਾਰ ਵਿਚ ਉਨ•ਾਂ ਦੀ ਪਤਨੀ ਗੁਰਬਿੰਦਰ ਕੌਰ ਬਰਾੜ, ਪੁੱਤਰ ਕੰਵਰਜੀਤ ਸਿੰਘ (ਸਨੀ) ਬਰਾੜ ਅਤੇ ਪੁੱਤਰੀ ਕੰਵਲਜੀਤ ਕੌਰ (ਬਬਲੀ) ਬਰਾੜ ਹਨ। ਉਨਾਂ ਦਾ ਪੁੱਤਰ ਸਨੀ ਬਰਾੜ ਮੁਕਤਸਰ ਤੋਂ ਵਿਧਾਇਕ ਹੈ।

21 ਜਨਵਰੀ 1022 ਨੂੰ ਜਨਮੇ ਸ੍ਰੀ ਹਰਚਰਨ ਸਿੰਘ ਬਰਾੜ ਮੁਕਤਸਰ ਜ਼ਿਲੇ ਦੇ ਪਿੰਡ ਸਰਾਏਨਾਗਾ ਦੇ ਜਮਪਲ ਸਨ ਅਤੇ ਵਿਧਾਨ ਸਭਾ ਵਿਚ ਮੁਕਤਸਰ ਦੀ ਹੀ ਪ੍ਰਤੀਨਿਧਤਾ ਕਰਦੇ ਰਹੇ। ਸਦਾ ਸੁਲਾ ਸਫ਼ਾਈ ਅਤੇ ਠੰਢੇ ਦਿਮਾਗ ਨਾਲ ਚੱਲਣ ਵਾਲੇ ਇਸ ਆਗੂ ਨੇ ਆਪਣਾ ਅਸਲ ਸਿਆਸੀ ਜੀਵਨ 1960 ਵਿਚ ਮੁਕਤਸਰ ਤੋਂ ਐਮ ਐਲ ਏ ਦੀ ਚੋੜ ਲੜ ਕੇ ਕੀਤਾ। ਉਨਾਂ ਨੇ ਇਸ ਚੋਣ ਵਿਚ ਆਪਣੇ ਵਿਰੋਧੀ ਚੰਨਣ ਸਿੰਘ ਨੂੰ 6188 ਵੋਟਾਂ ਦੇ ਫਰਕ ਨਾਲ ਹਰਾਇਆ। ਦੋ ਸਾਲਾਂ ਬਾਅਦ 1062 ਵਿਚ ਉਹ ਫਿਰ ਇਸੇ ਹਲਕੇ ਤੋਂ ਐਮ ਐਲ ਏ ਬਣੇ। ਉਹ 1967 ਵਿਚ ਗਿੱਦੜਬਾਹਾ, 1969 ਵਿਚ ਕੋਟਕਪੂਰਾ ਤੇ 1992 ਵਿਚ ਮੁਕਤਸਰਕ ਤੋਂ ਵਿਧਾਇਕ ਬਣੇ ਪੇਸ਼ੇ ਵਜੋਂ ਕਿਸਾਨ ਸ੍ਰੀ ਬਰਾੜ 1976 ਤੋਂ 1979 ਤੱਕ ਉੜੀਸਾ ਅਤੇ 1980 ਤੋਂ 84 ਤੱਕ ਹਰਿਆਣਾ ਦੇ ਰਾਜਪਾਲ ਰਹੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਦੀ ਹੱਤਿਆ ਪਿੱਛੋਂ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। 31 ਅਗਸਤ 1995 ਤੋਂ 21 ਨਵੰਬਰ 1996 ਤੱਕ ਉਹ ਸੂਬੇ ਦੇ ਮੁੱਖ ਮੰਤਰੀ ਰਹੇ। ਸਵਰਗੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿਚ 1961 ਤੋਂ 1962 ਤੱਕ ਉਹ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਉਹ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਉਨਾਂ ਨੇ ਕਾਂਗਰਸ ਦੇ ਵਿਧਾਇਕ ਦਲ ਵਿਚ ਡਿਪਟੀ ਆਗੂ ਦੀ ਭੂਮਿਕਾ ਵੀ ਨਿਭਾਈ। ਉਨਾਂ ਨੇ ਆਸਟ੍ਰੇਲੀਆ, ਸਿੰਘਾਪੁਰ, ਯੂਰਪ, ਇੰਗਲੈਂਡ, ਮਿਸਰ ਅਤੇ ਮੱਧ ਪੂਰਬ ਦੇ ਦੇਸ਼ਾਂ ਦਾ ਵੀ ਗੇੜਾ ਲਾਇਆ।

ਸ੍ਰੀ ਬਰਾੜ ਦੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁਆਈ ਅਤੇ ਸੂਬੇ ਦੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਨਾਂ ਦੀ ਸਾਕ ਸਕੀਰੀ ਹੈ।ਪੰਜਾਬ ਸਰਕਾਰ ਨੇ 8 ਸਤੰਬਰ ਤੱਕ ਤਿੰਨ ਦਿਨਾ ਦੇ ਰਾਜ ਪੱਧਰੀ ਸੋਗ ਅਤੇ ਇਸ ਆਗੂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਦਾ ਫੈਸਲਾ ਲਿਆ ਹੈ। ਉਨਾਂ ਦਾ ਸਸਕਾਰ 7 ਸਤੰਬਰ ਨੂੰ ਸ਼ਾਮ ਤਿੰਨ ਵਜੇ ਉਨਾਂ ਦੇ ਜੱਦੀ ਪਿੰਡ ਸਰਾਏਨਾਗਾ, ਜ਼ਿਲਾ ਮੁਕਤਸਰ ਵਿਖੇ ਕੀਤਾ ਜਾਵੇਗਾ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਬਰਾੜ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਨੇ ਆਪਣੇ ਸ਼ੋਕ ਸੁਨੇਹੇ ਵਿਚ ਸ੍ਰੀ ਬਰਾੜ ਨੂੰ ਇਕ ਉੱਘਾ ਸਿਆਸਤਦਾਨ ਦੱਸਿਆ। ਉਨਾਂ ਨੇ ਕਿਹਾ ਕਿ ਸ੍ਰੀ ਬਰਾੜ ਦੀ ਮੌਤ ਨਾਲ ਪੰਜਾਬ ਤੋਂ ਇਕ ਸੰਤੁਲਤ ਅਤੇ ਤਜ਼ਰਬੇਕਾਰ ਆਗੂ ਖੁਸ ਗਿਆ ਹੈ। ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਉਨਾਂ ਦੇ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਭਾਰਤੀ ਇਲਾਕੇ ਦੀਆਂ ਬੁਰਜੀਆਂ ਨੂੰ ਚੀਨ ਨੇ ਲਾਲ ਰੰਗ ਨਾਲ ਰੰਗਿਆ

ਲੇਹ (ਜੰਮੂ-ਕਸ਼ਮੀਰ) : ਭਾਰਤੀ ਹਵਾਈ ਖੇਤਰ ’ਚ ਹੈਲੀਕਾਪਟਰ ਭੇਜਣ ਤੋਂ ਬਾਅਦ ਚੀਨੀ ਫ਼ੌਜ ਨੇ ਲੱਦਾਖ ਖੇਤਰ ’ਚ ਅੰਤਰਰਾਸ਼ਟਰੀ ਸਰਹੱਦ ਦੀ ਉਲੰਘਣਾ ਕਰਦਿਆਂ ਬੁਰਜੀਆਂ ਅਤੇ ਚੱਟਾਨਾਂ ਨੂੰ ਲਾਲ ਰੰਗ ਨਾਲ ਰੰਗ ਦਿੱਤਾ ਹੈ। ਚੀਨੀ ਫ਼ੌਜ ਮਾਊਂਟ ਗਯਾ ਨੇੜੇ ਭਾਰਤੀ ਸਰਹੱਦ ਤੋਂ ਕਰੀਬ ਡੇਢ ਕਿਲੋਮੀਟਰ ਅੰਦਰ ਆ ਗਈ ਅਤੇ ਬੁਰਜੀਆਂ ਅਤੇ ਚੱਟਾਨਾਂ ’ਤੇ ਲਾਲ ਰੰਗ ਫੇਰ ਗਈ। ਪੂਰਬੀ ਲੇਹ ਦੇ ਖੇਤਰ ਚੁਮਾਰ ’ਚ ਚੀਨ ਦੇ ਜਵਾਨਾਂ ਨੇ ਬੁਰਜੀਆਂ ਅਤੇ ਚੱਟਾਨਾਂ ’ਤੇ ਲਾਲ ਰੰਗ ਨਾਲ ‘ਚੀਨ’ ‘ਚੀਨ’ ਵੀ ਲਿਖਿਆ ਹੈ। ‘ਮਾਊਂਟ ਗਯਾ’ ਚੋਟੀ, ਲੱਦਾਖ ’ਚ ਜੰਮੂ-ਕਸ਼ਮੀਰ, ਹਿਮਾਚਲ ’ਚ ਸਪਿਤੀ ਅਤੇ ਤਿੱਬਤ ਨਾਲ ਤਿਕੋਣ ਬਣਾਉਦੀ ਹੈ। ਬਰਤਾਨੀਆ ਦੇ ਰਾਜ ਮੌਕੇ ਇਹ ਸਰਹੱਦ ਮਿਥੀ ਗਈ ਸੀ ਅਤੇ ਇਸ ਨੂੰ ਦੋਵਾਂ ਦੇਸ਼ਾਂ ਨੇ ਅੰਤਰਰਾਸ਼ਟਰੀ ਸਰਹੱਦ ਮੰਨ ਲਿਆ ਸੀ। ਬੀਤੀ 31 ਜੁਲਾਈ ਨੂੰ ਭਾਰਤੀ ਫ਼ੌਜ ਨੇ ਜ਼ੁਲੁੰਗਲਾ ਦਰੇ ਵਿਖੇ ਬਹੁਤ ਸਾਰੀਆਂ ਬੁਰਜੀਆਂ ਅਤੇ ਚੱਟਾਨਾਂ ’ਤੇ ਲਾਲ ਰੰਗ ਨਾਲ ਚੀਨ ਸ਼ਬਦ ਲਿਖਿਆ ਵੇਖਿਆ ਸੀ ਜੋ ਚੀਨੀ ਫ਼ੌਜ ਨੇ ਇਸ ਇਲਾਕੇ ’ਚ ਦਾਖ਼ਲ ਹੋ ਕੇ ਲਿਖਿਆ ਸੀ। ਭਾਰਤੀ ਫ਼ੌਜ ਦੇ ਉ¤ਚ-ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਸੰਗੀਨ ਮਾਮਲਾ ਹੈ ਅਤੇ ਭਾਰਤ ਦੀ ਸੁਰੱਖਿਆ ਨਾਲ ਜੁੜੇ ਹੋਣ ਕਾਰਨ ਇਸ ਸਬੰਧੀ ਉਠਾਏ ਜਾ ਰਹੇ ਕਦਮਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਵਰਨਣਯੋਗ ਹੈ ਕਿ ਬੀਤੀ 21 ਜੂਨ ਨੂੰ ਚੀਨ ਦੇ 2 ਹੈਲੀਕਾਪਟਰਾਂ ਨੇ ਭਾਰਤੀ ਹਵਾਈ ਖੇਤਰ ’ਚ ਦਾਖ਼ਲ ਹੋ ਕੇ ਦੇਸ਼ ਦੀ ਸੁਰੱਖਿਆ ਨੂੰ ਚੁਣੌਤੀ ਦਿੱਤੀ ਸੀ।

Thursday, September 3, 2009

ਹੈਲੀਕਾਪਟਰ ਹਾਦਸੇ ’ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਮੌਤ

24 ਘੰਟਿਆਂ ਦੀ ਭਾਲ ਤੋਂ ਬਾਅਦ ਮਿਲੀਆਂ ਮੁੱਖ ਮੰਤਰੀ ਰਾਜਸ਼ੇਖਰ ਰੈਡੀ ਸਮੇਤ ਪੰਜ ਸਵਾਰਾਂ ਦੀਆਂ ਲਾਸ਼ਾਂ
ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐਸ. ਰਾਜਸ਼ੇਖਰ ਰੈਡੀ ਸਮੇਤ ਪੰਜ ਜਣਿਆਂ ਦੀ ਹੈਲੀਕਾਪਟਰ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਹੈ। ਇਸ ਸਦਮੇਂ ਨਾਲ ਜਿੱਥੇ ਪੂਰੇ ਆਂਧਰਾ ਪ੍ਰਦੇਸ਼ ਵਿਚ ਸੋਗ ਦੀ ਲਹਿਰ ਹੈ, ਉਥੇ ਭਾਰਤ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਅਪਣੇ ਪ੍ਰਮੁੱਖ ਆਗੂ ਦੇ ਮਾਰੇ ਜਾਣ ਨਾਲ ਕਾਫੀ ਧੱਕਾ ਲੱਗਾ ਹੈ।
60 ਸਾਲਾ ਸ੍ਰੀ ਰੈਡੀ ਬੁਧਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਹੈਦਰਾਬਾਦ ਤੋਂ ਚਿਤੂਰ ਲਈ ਰਵਾਨਾ ਹੋਏ ਸਨ, ਪਰ 9:35 ਮਿੰਟ ’ਤੇ ਹੈਲੀਕਾਪਟਰ ਤੇਜ ਮੀਹ ਵਿਚ ਘਿਰ ਗਿਆ ਅਤੇ ਕੋਈ ਖਰਾਬੀ ਆਉਣ ਕਾਰਨ ਸੰਘਣੇ ਜੰਗਲ ਵਿਚ ਇਕ ਪਹਾੜ ਦੀ ਟੀਸੀ ’ਤੇ ਜਾ ਡਿੱਗਿਆ। ਰੇਡੀਓ ਸੰਪਰਕ ਟੁੱਟਣ ਕਾਰਨ ਆਂਧਰਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸੂਬੇ ਦੇ ਸਰਕਾਰੀ ਅਮਲੇ ਤੋਂ ਬਿਨਾ ਭਾਰਤੀ ਹਵਾਈ ਫੌਜ ਅਤੇ ਪੁਲਾੜ ਖੋਜ ਸੰਸਥਾ ਇਸਰੋ ਮੁੱਖ ਮੰਤਰੀ ਦੇ ਹੈਲੀਕਾਪਟਰ ਦਾ ਥਹੁ ਪਤਾ ਲਾਉਣ ਲਈ ਕੋਸ਼ਿਸ਼ਾਂ ਵਿਚ ਜੁਟ ਗਏ। ਤਕਰੀਬਨ 24 ਘੰਟੇ ਬਾਅਦ ਅਗਲੇ ਦਿਨ ਜਦੋਂ ਸਵੇਰੇ ਸਵਰੇ ਖਬਰ ਮਿਲੀ ਕਿ ਹੈਲੀਕਾਪਟਰ ਕੁਨਨੂਰ ਇਲਾਕੇ ਵਿਚ ਇਕ ਪਹਾੜ ’ਤੇ ਪਿਆ ਵਿਖਾਈ ਦਿੱਤਾ ਹੈ। ਤਾਂ ਪੂਰੇ ਮੁਲਕ ਦੇ ਲੋਕਾਂ ਦੀਆਂ ਨਜ਼ਰਾਂ ਟੀਵੀ ਚੈਨਲਾਂ ਵੱਲ ਜਾ ਟਿਕੀਆਂ। ਕੁਝ ਹੀ ਚਿਰ ਬਾਅਦ ਖਬਰ ਆਈ ਕਿ ਹੈਲੀਕਾਪਟਰ ਸੜਿਆ ਹੋਇਆ ਅਤੇ ਦੋ ਹਿੱਸਿਆਂ ਵਿਚ ਟੁੱਟਿਆ ਮਿਲਿਆ ਹੈ ਅਤੇ ਇਸ ਦੇ ਨੇੜੇ 5 ਮ੍ਰਿਤਕ ਦੇਹਾਂ ਅਧਸੜੀ ਹਾਲਤ ਵਿਚ ਮਿਲੀਆਂ ਹਨ, ਤਾਂ ਇਹ ਸੁਣਦਿਆਂ ਕਾਂਗਰਸ ਭਵਨ ਅਤੇ ਆਂਧਰਾ ਪ੍ਰਦੇਸ਼ ਵਿਚ ਸੋਗ ਦੀ ਲਹਿਰ ਵਹਿ ਤੁਰੀ। ਸ੍ਰੀ ਰੈਡੀ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ’ਚੋਂ ਹੰਝੂ ਵਗ ਤੁਰੇ ਅਤੇ ਕਾਂਗਰਸ ਹੈਡਕੁਆਟਰ ਦਾ ਝੰਡਾ ਝੁਕਾ ਦਿੱਤਾ ਗਿਆ। ਮ੍ਰਿਤਕ ਦੇਹਾਂ ਨੂੰ ਹੈਲੀਕਾਪਟਰ ਰਾਹੀਂ ਲਿਆਂਦਾ ਗਿਆ ਅਤੇ ਸ਼ੁਕਰਵਾਰ ਨੂੰ ਇਸਾਈ ਧਰਮ ਮੁਤਾਬਕ ਅੰਤਿਮ ਸਸਕਾਰ ਕਰਨ ਦਾ ਪ੍ਰੋਗਰਾਮ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਮੁਖੀ ਸੋਨੀਆ ਗਾਂਧੀ ਅਤੇ ਦੇਸ਼ ਦੀ ਲੀਡਰਸ਼ਿਪ ਨੇ ਇਸ ਪ੍ਰਮੁੱਖ ਆਗੂ ਦੀ ਮੌਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
--------------
ਲੋਕਾਂ ਦੇ ਨੇਤਾ ਵਜੋਂ ਜਾਣੇ ਜਾਂਦੇ ਸੀ ਰਾਜਸ਼ੇਖਰ ਰੈਡੀ
ਵਾਈ ਐਸ ਰਾਜਸ਼ੇਖਰ ਰੈਡੀ ਆਂਧਰਾ ਪ੍ਰਦੇਸ਼ ਵਿਚ ਜਾਦੂਈ ਤਰੀਕੇ ਨਾਲ ਕਾਂਗਰਸ ਸਰਕਾਰ ਲਿਆਉਣ ਕਾਰਨ ਦੇਸ਼ ਦੇ ਪ੍ਰਮੁੱਖ ਨੇਤਾ ਦੇ ਰੂਪ ਵਿਚ ਉਭਰੇ ਸਨ। ਰਾਜਸ਼ੇਖਰ ਰੈਡੀ ਚਾਰ ਵਾਰ ਲੋਕ ਸਭਾ ਮੈਂਬਰ ਬਣੇ। ਦੋ ਵਾਰ ਸੂਬਾ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਇਕ ਵਾਰ ਵਿਰੋਧੀ ਧਿਰ ਦੇ ਨੇਤਾ। 2003 ਵਿਚ ਆਮ ਲੋਕਾਂ ਦੇ ਨੇਤਾ ਵਜੋਂ ਅਪਣੀ ਦਿੱਖ ਬਣਾਉਂਦਿਆਂ 1400 ਕਿਲੋਮੀਟਰ ਪੈਦਲ ਯਾਤਰਾ ਕੀਤੀ। ਸਾਲ 2004 ਵਿਚ ਵਿਧਾਨਸਭਾ ਚੋਣਾਂ ਦੌਰਾਨ ਉਨਾਂ ਨੂੰ ਵੱਡੀ ਕਾਮਯਾਬੀ ਮਿਲੀ ਅਤੇ ਮੁਖ ਮੰਤਰੀ ਚੁਣੇ ਗਏ। ਉਹ ਅਪਣੇ ਹਲਕੇ ਤੋਂ ਛੇ ਵਾਰ ਵਿਧਾਇਕ ਵੀ ਰਹੇ। 2004 ਵਿਚ ਉਨਾਂ ਨੇ 185 ਸੀਟਾਂ ਹਾਸਲ ਕਰਦਿਆਂ ਟੀਡੀਪੀ ਦੇ ਚੰਦਰਬਾਬੂ ਨਾਇਡੂ ਨੂੰ ਕਰਾਰੀ ਹਾਰ ਦੇ ਕੇ ਮੁਖ ਮੰਤਰੀ ਬਣੇ ਸਨ। ਹਾਲ ਹੀ ਦੌਰਾਨ 2009 ਵਿਚ ਉਨਾਂ ਨੂੰ 156 ਸੀਟਾਂ ’ਤੇ ਜਿੱਤ ਮਿਲੀ ਸੀ। ਉਨਾਂ ਦੇ ਕਾਰਜਕਾਲ ਵਿਚ ਹੋਈਆਂ ਹਾਲ ਹੀ ਦੀਆਂ ਪਾਰਲੀਮੈਂਟ ਚੋਣਾਂ ਵਿਚ ਸੂਬੇ ’ਚ ਕਾਂਗਰਸ ਨੂੰ 33 ਸੀਟਾਂ ’ਤੇ ਜਿੱਤ ਮਿਲੀ ਸੀ।