ਦੀਪਕ ਸ਼ਰਮਾ
ਚੰਡੀਗੜ੍ਹ : ਅਕਾਲੀ ਦਲ ਦੀ ਸ਼ਿਮਲਾ ਵਿਖੇ ਹੋਈ ਚਿੰਤਨ ਬੈਠਕ ਵਿਚੋਂ ਖੱਟਿਆ ਹੋਇਆ ਤਾਂ ਕੁਝ ਨਜ਼ਰ ਨਹੀਂ ਆਇਆ, ਪਰ ਇਸ ਬੈਠਕ 'ਤੇ ਬਾਦਲ ਪਾਰਟੀ 5 ਕਰੋੜ ਖਰਚ ਕੇ ਵਾਪਸ ਪਰਤ ਆਈ ਹੈ। ਅਕਾਲੀ ਦਲ ਦੀ ਇਸ ਚਿੰਤਨ ਬੈਠਕ ਵਿਚ 60 ਗੱਡੀਆਂ ਵਿਚ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਐਮ ਪੀ, ਵਿਧਾਇਕ ਅਤੇ ਸਾਬਕਾ ਵਿਧਾਇਕ ਸ਼ਿਮਲਾ ਤਫਰੀ 'ਤੇ ਸਨ। ਇਨ੍ਹਾਂ ਸਭ ਦੇ ਠਹਿਰਨ ਲਈ ਉੱਥੇ ਫਾਈਵ ਸਟਾਰ ਹੋਟਲ ਸੀਸਿਲ ਵਿਚ ਪ੍ਰਬੰਧ ਸੀ। ਤਿੰਨ ਦਿਨ ਤੱਕ ਆਗੂਆਂ ਨੇ ਡਿਨਰ ਅਤੇ ਬਰੇਕ ਫਾਸਟ ਵੀ ਇੱਥੇ ਹੀ ਕੀਤਾ। ਇਕੱਲੇ ਹੋਟਲ ਦਾ ਬਿੱਲ ਹੀ ਲਗਭਗ ਦੋ ਕਰੋੜ ਰੁਪਏ ਬਣ ਗਿਆ। ਬੈਠਕ ਤੋਂ ਬਾਅਦ ਅਕਾਲੀਆਂ ਨੇ ਫਾਈਵ ਸਟਾਰ ਹੋਟਲ ਵਾਈਲਡ ਫਲਾਵਰ ਹਾਲ ਵਿਚ ਲੰਚ ਕੀਤਾ। ਜਦੋਂ ਕਿ ਸੰਮੇਲਨ ਥਰੀ ਸਟਾਰ ਸਹੂਲਤ ਵਾਲੇ ਸੂਬਾ ਗੈਸਟ ਪੀਟਰ ਹੌਫ ਵਿਚ ਸੀ। ਪੀਟਰ ਹੌਫ ਵਿਚ ਆਗੂਆਂ ਤੋਂ ਇਲਾਵਾ ਸਕਿਓਰਿਟੀ ਕਰਮਚਾਰੀ, ਪਰਸਨਲ ਸਟਾਫ ਸਣੇ ਲਗਭਗ 250 ਲੋਕਾਂ ਨੇ ਦੋ ਦਿਨ ਤੱਕ ਲੰਚ ਕੀਤਾ। ਬੈਠਕ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਅਕਾਲੀ ਆਗੂਆਂ ਨੇ ਮਾਲ ਰੋਡ 'ਤੇ ਗੇੜੀਆਂ ਵੀ ਲਾਈਆਂ। ਜ਼ਿਕਰਯੋਗ ਹੈ ਕਿ ਇਸ ਚਿੰਤਨ ਬੈਠਕ 'ਤੇ ਮੀਡੀਆ ਸਣੇ ਰਾਜਨੀਤਕ ਪਾਰਟੀਆਂ ਅਤੇ ਲੀਡਰਾਂ ਦੀਆਂ ਵੀ ਨਜ਼ਰਾਂ ਇਸ ਲਈ ਟਿਕ ਗਈਆਂ ਸਨ ਕਿ ਐਨ ਬੈਠਕ ਤੋਂ ਇਕ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਸਬਸਿਡੀਆਂ ਦੇ ਨਾਂ 'ਤੇ ਅਜਿਹਾ ਸ਼ਗੂਫਾ ਛੱਡਿਆ, ਕਿ ਇੰਝ ਜਾਪਣ ਲੱਗਾ ਕਿ ਚਿੰਤਨ ਬੈਠਕ ਦੌਰਾਨ ਮਨਪ੍ਰੀਤ ਬਾਦਲ ਅਕਾਲੀ ਦਲ 'ਤੇ ਹਮਲਾ ਬੋਲਣ ਵਾਲੇ ਹਨ। ਪਰ ਮਨਪ੍ਰੀਤ ਬਾਦਲ ਨਾਂ ਦਾ ਬੰਬ ਸ਼ਿਮਲਾ ਪਹੁੰਚਦੇ ਪਹੁੰਚਦੇ ਠੁੱਸ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਇਸ ਗੱਲ ਲਈ ਮਨਾ ਲਿਆ ਗਿਆ ਕਿ ਉਹ ਇਸ ਮੌਕੇ ਸਬਸਿਡੀਆਂ ਦਾ ਮੁੱਦਾ ਨਾ ਉਠਾਵੇ ਤੇ ਉਹ ਮੰਨ ਵੀ ਗਏ। ਆਖਰ ਅਕਾਲੀ ਦਲ ਵਾਲੇ ਬਾਦਲ ਅਤੇ ਸੁਖਬੀਰ ਬਾਦਲ ਦੇ ਗੁਣਗਾਣ ਗਾ ਕੇ 5 ਕਰੋੜ ਉਡਾ ਕੇ ਘਰ ਨੂੰ ਮੁੜ ਆਏ। ਪੰਜਾਬ ਦੇ ਇੱਕ ਵੱਡੇ ਆਗੂ ਨੇ ਇਸ ਬੈਠਕ 'ਤੇ ਕੁਮੈਂਟ ਕਰਦਿਆਂ ਕਿਹਾ ਕਿ ਇਹ ਤਾਂ ਸੁਖਬੀਰ ਬਾਦਲ ਅਕਾਲੀਆਂ ਨੂੰ ਕਾਂਗਰਸੀ ਕਲਚਰ ਵਾਂਗ ਐਸ਼ ਪ੍ਰਸਤੀ ਸਿਖਾਉਣ ਲਈ ਸ਼ਿਮਲਾ ਫੇਰੀ 'ਤੇ ਲੈ ਗਿਆ ਸੀ। ਪਰ ਸੱਚ ਹੈ ਕਿ ਆਮ ਲੋਕਾਂ ਦੀ ਪਾਰਟੀ ਸਮਝੀ ਜਾਣ ਵਾਲੀ ਅਕਾਲੀ ਦਲ ਦੀਆਂ ਜੋ ਬੈਠਕਾਂ ਕਦੇ ਗੁਰਦੁਆਰਿਆਂ ਦੇ ਹਾਲ ਕਮਰਿਆਂ ਵਿਚ ਦਰੀਆਂ 'ਤੇ ਹੀ ਹੋ ਜਾਂਦੀਆਂ ਸਨ, ਉਹ ਹੁਣ ਸ਼ਿਮਲਾ ਦੇ ਫਾਈਵ ਸਟਾਰ ਵਿਚ ਹੋਣ ਲੱਗ ਪਈਆਂ ਹਨ, ਜੋ ਸਾਫ ਹੈ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਥਿਰਕ ਚੁੱਕਾ ਹੈ। ਇਹਨਾਂ ਸਿਧਾਂਤਾਂ ਬਾਰੇ ਚਿੰਤਨ ਬੈਠਕ ਕਦੋਂ ਹੋਵੇਗੀ ਇਸ ਦੀ ਸੰਭਾਵਨਾ ਨਹੀਂ।
No comments:
Post a Comment