ਚੰਡੀਗੜ : ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਹਰਿਆਣਾ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਹਰਚਰਨ ਸਿੰਘ ਬਰਾੜ ਦਾ ਦੇਹਾਂਤ ਹੋ ਗਿਆ। ਉਨਾਂ ਨੇ ਪੀਜੀਆਈ ਚੰਡੀਗੜ ਵਿਚ ਆਖ਼ਰੀ ਸਾਹ ਲਿਆ। ਉਨਾਂ ਨੂੰ ਦਿਲ ਅਤੇ ਗੁਰਦੇ ਦੀ ਤਕਲੀਫ਼ ਕਾਰਨ 26 ਅਗਸਤ ਨੂੰ ਇਲਾਜ ਲਈ ਪੀ ਜੀ ਆਈ ਦਾਖ਼ਲ ਕਰਵਾਇਆ ਗਿਆ ਸੀ। ਉਹ 87 ਸਾਲਾਂ ਦੇ ਸਨ। ਉਨ•ਾਂ ਦੇ ਪਰਿਵਾਰ ਵਿਚ ਉਨ•ਾਂ ਦੀ ਪਤਨੀ ਗੁਰਬਿੰਦਰ ਕੌਰ ਬਰਾੜ, ਪੁੱਤਰ ਕੰਵਰਜੀਤ ਸਿੰਘ (ਸਨੀ) ਬਰਾੜ ਅਤੇ ਪੁੱਤਰੀ ਕੰਵਲਜੀਤ ਕੌਰ (ਬਬਲੀ) ਬਰਾੜ ਹਨ। ਉਨਾਂ ਦਾ ਪੁੱਤਰ ਸਨੀ ਬਰਾੜ ਮੁਕਤਸਰ ਤੋਂ ਵਿਧਾਇਕ ਹੈ।
21 ਜਨਵਰੀ 1022 ਨੂੰ ਜਨਮੇ ਸ੍ਰੀ ਹਰਚਰਨ ਸਿੰਘ ਬਰਾੜ ਮੁਕਤਸਰ ਜ਼ਿਲੇ ਦੇ ਪਿੰਡ ਸਰਾਏਨਾਗਾ ਦੇ ਜਮਪਲ ਸਨ ਅਤੇ ਵਿਧਾਨ ਸਭਾ ਵਿਚ ਮੁਕਤਸਰ ਦੀ ਹੀ ਪ੍ਰਤੀਨਿਧਤਾ ਕਰਦੇ ਰਹੇ। ਸਦਾ ਸੁਲਾ ਸਫ਼ਾਈ ਅਤੇ ਠੰਢੇ ਦਿਮਾਗ ਨਾਲ ਚੱਲਣ ਵਾਲੇ ਇਸ ਆਗੂ ਨੇ ਆਪਣਾ ਅਸਲ ਸਿਆਸੀ ਜੀਵਨ 1960 ਵਿਚ ਮੁਕਤਸਰ ਤੋਂ ਐਮ ਐਲ ਏ ਦੀ ਚੋੜ ਲੜ ਕੇ ਕੀਤਾ। ਉਨਾਂ ਨੇ ਇਸ ਚੋਣ ਵਿਚ ਆਪਣੇ ਵਿਰੋਧੀ ਚੰਨਣ ਸਿੰਘ ਨੂੰ 6188 ਵੋਟਾਂ ਦੇ ਫਰਕ ਨਾਲ ਹਰਾਇਆ। ਦੋ ਸਾਲਾਂ ਬਾਅਦ 1062 ਵਿਚ ਉਹ ਫਿਰ ਇਸੇ ਹਲਕੇ ਤੋਂ ਐਮ ਐਲ ਏ ਬਣੇ। ਉਹ 1967 ਵਿਚ ਗਿੱਦੜਬਾਹਾ, 1969 ਵਿਚ ਕੋਟਕਪੂਰਾ ਤੇ 1992 ਵਿਚ ਮੁਕਤਸਰਕ ਤੋਂ ਵਿਧਾਇਕ ਬਣੇ ਪੇਸ਼ੇ ਵਜੋਂ ਕਿਸਾਨ ਸ੍ਰੀ ਬਰਾੜ 1976 ਤੋਂ 1979 ਤੱਕ ਉੜੀਸਾ ਅਤੇ 1980 ਤੋਂ 84 ਤੱਕ ਹਰਿਆਣਾ ਦੇ ਰਾਜਪਾਲ ਰਹੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਦੀ ਹੱਤਿਆ ਪਿੱਛੋਂ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। 31 ਅਗਸਤ 1995 ਤੋਂ 21 ਨਵੰਬਰ 1996 ਤੱਕ ਉਹ ਸੂਬੇ ਦੇ ਮੁੱਖ ਮੰਤਰੀ ਰਹੇ। ਸਵਰਗੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿਚ 1961 ਤੋਂ 1962 ਤੱਕ ਉਹ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਉਹ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਉਨਾਂ ਨੇ ਕਾਂਗਰਸ ਦੇ ਵਿਧਾਇਕ ਦਲ ਵਿਚ ਡਿਪਟੀ ਆਗੂ ਦੀ ਭੂਮਿਕਾ ਵੀ ਨਿਭਾਈ। ਉਨਾਂ ਨੇ ਆਸਟ੍ਰੇਲੀਆ, ਸਿੰਘਾਪੁਰ, ਯੂਰਪ, ਇੰਗਲੈਂਡ, ਮਿਸਰ ਅਤੇ ਮੱਧ ਪੂਰਬ ਦੇ ਦੇਸ਼ਾਂ ਦਾ ਵੀ ਗੇੜਾ ਲਾਇਆ।
ਸ੍ਰੀ ਬਰਾੜ ਦੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁਆਈ ਅਤੇ ਸੂਬੇ ਦੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਨਾਂ ਦੀ ਸਾਕ ਸਕੀਰੀ ਹੈ।ਪੰਜਾਬ ਸਰਕਾਰ ਨੇ 8 ਸਤੰਬਰ ਤੱਕ ਤਿੰਨ ਦਿਨਾ ਦੇ ਰਾਜ ਪੱਧਰੀ ਸੋਗ ਅਤੇ ਇਸ ਆਗੂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਦਾ ਫੈਸਲਾ ਲਿਆ ਹੈ। ਉਨਾਂ ਦਾ ਸਸਕਾਰ 7 ਸਤੰਬਰ ਨੂੰ ਸ਼ਾਮ ਤਿੰਨ ਵਜੇ ਉਨਾਂ ਦੇ ਜੱਦੀ ਪਿੰਡ ਸਰਾਏਨਾਗਾ, ਜ਼ਿਲਾ ਮੁਕਤਸਰ ਵਿਖੇ ਕੀਤਾ ਜਾਵੇਗਾ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਬਰਾੜ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਨੇ ਆਪਣੇ ਸ਼ੋਕ ਸੁਨੇਹੇ ਵਿਚ ਸ੍ਰੀ ਬਰਾੜ ਨੂੰ ਇਕ ਉੱਘਾ ਸਿਆਸਤਦਾਨ ਦੱਸਿਆ। ਉਨਾਂ ਨੇ ਕਿਹਾ ਕਿ ਸ੍ਰੀ ਬਰਾੜ ਦੀ ਮੌਤ ਨਾਲ ਪੰਜਾਬ ਤੋਂ ਇਕ ਸੰਤੁਲਤ ਅਤੇ ਤਜ਼ਰਬੇਕਾਰ ਆਗੂ ਖੁਸ ਗਿਆ ਹੈ। ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਉਨਾਂ ਦੇ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
No comments:
Post a Comment