ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Saturday, September 19, 2009

ਹੁਣ ਅਮਰੀਕਾ ਨੇ ਕਿਹਾ ਪੱਗ ਉਤਾਰਨ ਲਈ

ਚੰਡੀਗੜ੍ : ਅਮਰੀਕਾ 'ਚ ਰਹਿ ਰਹੇ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਤੇ ਪੱਗ ਦੀ ਸ਼ਾਨ ਨੂੰ ਬਚਾਉਣ ਲਈ ਨਵਾਂ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕਾ ਸਰਕਾਰ ਦੇ ਨਵੇਂ ਕਾਨੂੰਨ ਆਈਡੀ ਐਕਟ ਅਨੁਸਾਰ ਸਟੈਂਡਰਡਾਈਜ਼ ਫੋਟੋਗ੍ਰਾਫ਼ਿਕ ਆਈਡੰਟੀਫ਼ਿਕੇਸ਼ਨ ਡਾਕੂਮੈਂਟ ਲਈ ਸਾਰੇ ਅਮਰੀਕੀਆਂ ਨੂੰ ਬਿਨ੍ਹਾਂ ਦਸਤਾਰ ਤੋਂ ਫ਼ੋਟੋ ਖਿਚਵਾਉਣੀ ਪਵੇਗੀ। ਇਸ ਪਾਬੰਦੀ ਨੇ ਅਮਰੀਕੀ ਸਿੱਖਾਂ ਲਈ ਵੱਡਾ ਧਰਮ ਸੰਕਟ ਪੈਦਾ ਕਰ ਦਿੱਤਾ ਹੈ। ਅਮਰੀਕਾ ਆਧਾਰਿਤ ਪ੍ਰਮੁੱਖ ਸਿੱਖ ਐਡਵੋਕੇਸੀ ਗਰੁੱਪ ਵਲੋਂ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਅਮਰੀਕਾ ਵਿਚ ਵੀ ਫ਼ਰਾਂਸ ਵਾਂਗ ਸਿੱਖਾਂ ਲਈ ਪੱਗ ਦਾ ਸੰਕਟ ਪੈਦਾ ਹੋਣ ਦੇ ਆਸਾਰ ਹਨ।ਅਮਰੀਕਾ ਵਿਚ ਤਾਜ਼ਾ ਪਗੜੀ ਸੰਕਟ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਅਮਰੀਕਨ ਲੀਗਲ ਡਿਫ਼ੈਂਸ ਤੇ ਐਜੂਕੇਸ਼ਨ ਫੰਡ ਨੇ ਦੱਸਿਆ ਕਿ 2009 ਵਿਚ ਅਮਰੀਕਾ 'ਚ ਬਣੇ ਪਾਸ ਆਈਡੀ ਐਕਟ ਤਹਿਤ ਸਾਰੇ ਅਮਰੀਕੀ ਨਾਗਰਿਕਾਂ ਲਈ ਸਟੈਂਡਰਡਾਈਜ਼ ਫ਼ੋਟੋਗ੍ਰਾਫ਼ਿਕ ਆਈਡੰਟੀਫ਼ਿਕੇਸ਼ਨ ਡਾਕੂਮੈਂਟ ਮੁਹਈਆ ਕਰਵਾਉਣ ਲਈ ਬਣਾਇਆ ਗਿਆ ਹੈ। ਇਸ ਅਨੁਸਾਰ ਸਾਰਿਆਂ ਲਈ ਹੀ ਬਿਨ੍ਹਾਂ ਦਸਤਾਰ ਤੋਂ ਫ਼ੋਟੋ ਖਿਚਵਾਉਣ ਦੀ ਬੰਦਸ਼ ਲਗਾਈ ਹੈ। ਅਮਰੀਕੀ ਸਿੱਖਾਂ ਦੀ ਇਸ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਅਮਰੀਕਾ 'ਚ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨਾਂ ਦੇ ਭੁਲੇਖੇ ਨਸਲੀ ਹਿੰਸਕ ਵਾਰਦਾਤਾਂ ਦਾ ਸ਼ਿਕਾਰ ਹੋਣਾ ਪਿਆ ਸੀ। ਇਸੇ ਕਾਰਨ ਹੀ ਸਿੱਖਾਂ ਨੂੰ ਹਿੰਸਕ ਹਮਲਿਆਂ ਤੋਂ ਇਲਾਵਾ ਨਸਲੀ ਭੁਲੇਖੇ ਕਾਰਨ ਸਰਕਾਰੀ ਬੇਰੁਖੀ ਅਤੇ ਵਿਤਕਰੇ ਦਾ ਸ਼ਿਕਾਰ ਵੀ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਫ਼ੈਡਰਲ ਸਰਕਾਰ ਤੇ ਸਟੇਟਸ ਸਰਕਾਰ ਦਾ ਨਵਾਂ ਕਾਨੂੰਨ ਪਾਸ ਆਈਡੀ ਐਕਟ 2009 ਵੀ ਇਸੇ ਦਾ ਹੀ ਹਿੱਸਾ ਹੈ ਜੋ ਸਿੱਖਾਂ ਲਈ ਵੱਡਾ ਸੰਕਟ ਪੈਦਾ ਕਰਨ ਵਾਲਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਸਿੱਖਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਅਮਰੀਕਾ ਸਰਕਾਰ ਨੂੰ ਇਹ ਯਕੀਨੀ ਤੌਰ 'ਤੇ ਜਤਾਇਆ ਜਾਵੇ ਕਿ ਸਿੱਖ ਵੀ ਅਮਰੀਕਾ ਦੇ ਅਮਨ-ਪਸੰਦ ਨਾਗਰਿਕ ਹਨ ਤੇ ਸਰਕਾਰ ਨੂੰ ਸਿੱਖਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਸਿੱਖ ਭਾਵਨਾਵਾਂ ਦੇ ਵਿਰੁੱਧ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਨੂੰ ਕੋਈ ਖ਼ਤਰਾ ਪੈਦਾ ਹੋ ਸਕੇ। ਸੰਸਥਾ ਦਾ ਕਹਿਣਾ ਹੈ ਕਿ ਉਹ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਚਾਹੁੰਦੇ ਕਿ ਅਮਰੀਕੀ ਸਰਕਾਰ ਨੂੰ ਸਟੇਟਸ ਦੇ ਡਿਪਾਰਟਮੈਂਟ ਸਟੈਂਡਰਡਜ਼ ਨੂੰ ਨਜ਼ਰਅੰਦਾਜ਼ ਕਰਨਾ ਪਵੇ ਤੇ ਅਮਰੀਕੀ ਸਿੱਖਾਂ ਨੂੰ ਕ੍ਰਿਟੀਕਲ ਆਈਡੈਂਟੀਫ਼ਿਕੇਸ਼ਨ ਕਾਗਜ਼ਾਤ ਪ੍ਰਾਪਤ ਕਰਨ ਲਈ ਆਪਣੀ ਪੱਗ ਲਾਹੁਣੀ ਪਵੇ। ਸੰਸਥਾ ਦਾ ਕਹਿਣਾ ਹੈ ਕਿ ਪਾਸ ਆਈਡੀ ਐਕਟ 2009 ਵਿਚ ਇਹ ਨਹੀਂ ਸਮਝਾਇਆ ਜਾ ਸਕਿਆ ਕਿ ਧਾਰਮਿਕ ਰਵਾਇਤੀ ਚਿੰਨ੍ਹ ਜਿਵੇਂ ਪਗੜੀ ਜਾਂ ਸਕਾਰਫ਼ ਪਹਿਨਣ ਵਿਚ ਅਮਰੀਕੀ ਕਾਨੂੰਨ 'ਚ ਕੋਈ ਢਿੱਲ ਵਰਤੀ ਜਾਵੇਗੀ ਕਿ ਨਹੀਂ ਕਿਉਂਕਿ ਅਮਰੀਕਾ ਦੀ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਵਿਚ ਮੌਜੂਦ ਹਾਈ ਲੈਵਲ ਬਿਊਰੋਕਰੈਟਸ ਦਾ ਮੰਨਣਾ ਹੈ ਕਿ ਪਛਾਣ ਪੱਤਰ ਫ਼ੋਟੋਆਂ 'ਚ ਪਗੜੀ ਬੰਨਣਾ ਜਾਂ ਸਕਾਰਫ਼ ਪਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਿੱਖ ਸੰਸਥਾ ਮੁਤਾਬਕ ਅਮਰੀਕਾ 'ਚ ਸਿੱਖਾਂ ਨਾਲ ਪੱਗ ਦੇ ਮਸਲੇ 'ਤੇ ਹੋਏ ਵਿਤਕਰੇ ਦੀਆਂ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਹਨ, ਜਿਥੇ ਸਿੱਖਾਂ ਨੂੰ ਪੱਗ ਬੰਨਣ ਤੋਂ ਰੋਕਿਆ ਗਿਆ। ਬੀਤੇ ਸਾਲ ਵੀ ਅਮਰੀਕਾ ਵਿਚ ਸਿੱਖਾਂ ਨੂੰ ਇਹੋ-ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਜਿਥੇ ਸਿੱਖਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਤੇ ਧਰਮ ਦੀਆਂ ਪ੍ਰੰਪਰਾਵਾਂ ਨੂੰ ਮੰਨਣ ਤੋਂ ਵਾਂਝੇ ਕਰਨ ਲਈ ਕਾਨੂੰਨ ਥੋਪੇ ਗਏ। ਇਨ੍ਹਾਂ ਵਿਚ ਓਕਲਾਹੋਮਾ, ਮਿਨੇਸੋਟਾ ਸਟੇਟਸ ਨੇ ਵੀ ਪਛਾਣ ਪੱਤਰ ਲਈ ਬਿਨ੍ਹਾਂ ਪੱਗ ਤੋਂ ਫ਼ੋਟੋ ਖਿਚਵਾਉਣ ਦੀ ਸ਼ਰਤ ਲਗਾਈ ਸੀ। ਓਰੇਗਾਨ ਸਟੇਟ ਵਿਚ ਤਾਂ ਅਧਿਆਪਕਾਂ ਨੂੰ ਧਾਰਮਿਕ ਪੁਸ਼ਾਕ ਪਹਿਨਣ 'ਤੇ ਵੀ ਰੋਕ ਲਗਾ ਦਿੱਤੀ ਸੀ ਅਤੇ ਮਿਸ਼ੀਗਨ ਸੁਪਰੀਮ ਕੋਰਟ ਨੇ ਜੱਜਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਕਿ ਉਹ ਪੱਗ ਬੰਨਣ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕਰ ਸਕਦੇ ਹਨ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਅਮਰੀਕਾ ਵਿਚ ਵਾਪਰਦੀਆਂ ਆ ਰਹੀਆਂ ਹਨ, ਜਿਸ ਨਾਲ ਅਮਰੀਕਾ ਦੇ ਸਿੱਖਾਂ ਦੀਆਂ ਧਾਰਮਿਕ ਭਾਵਾਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅਮਰੀਕੀ ਸਿੱਖਾਂ ਨੂੰ ਇਹ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਕਿਤੇ ਅਮਰੀਕਾ ਵੀ ਫ਼ਰਾਂਸ ਵਾਂਗ ਦਸਤਾਰ ਦੇ ਮਸਲੇ ਨੂੰ ਲੈ ਕੇ ਉਸੇ ਰਾਹ 'ਤੇ ਨਾ ਤੁਰ ਪਵੇ ਜਿਸ ਨਾਲ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਲਈ ਵੱਡਾ ਸੰਕਟ ਪੈਦਾ ਹੋ ਜਾਵੇ।

No comments:

Post a Comment