ਨਿਊਯਾਰਕ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸਬੰਧਾਂ ਨੂੰ ਆਮ ਵਰਗਾ ਬਣਾਉਣਾ
ਚਾਹੁੰਦਾ ਹੈ ਪਰ ਇਸ ਲਈ ਉਸ ਨੂੰ ਭਾਰਤ ਦੇ ਖਿਲਾਫ ਅੱਤਵਾਦ ਨੂੰ ਸਰਕਾਰੀ ਨੀਤੀ ਦੇ ਔਜਾਰ ਵਜੋਂ ਵਰਤਣ ਦੀ ਆਪਣੀ ਮਾਨਸਿਕਤਾ ਛੱਡਣੀ ਚਾਹੀਦੀ ਹੈ ਅਤੇ ਮੁੰਬਈ ਹਮਲਿਆਂ 'ਚ ਸ਼ਾਮਿਲ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਸਖ਼ਤ ਸੰਦੇਸ਼ 'ਚ ਕਿਹਾ ਕਿ ਮੁੰਬਈ ਦੇ ਹਮਲਾਵਰਾਂ ਖਿਲਾਫ ਕਾਰਵਾਈ ਤੋਂ ਪਹਿਲਾਂ ਗੱਲਬਾਤ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਸ਼ਰਮ ਅਲ-ਸ਼ੇਖ ਵਿਚ ਉਨ੍ਹਾਂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨਾਲ ਗੱਲਬਾਤ ਪਿੱਛੋਂ ਭਾਰਤ ਦੇ ਪਾਕਿਸਤਾਨ ਪ੍ਰਤੀ ਪੱਖ 'ਚ ਕੋਈ ਤਬਦੀਲੀ ਨਹੀਂ ਆਈ। ਇਸ ਪੱਖ ਨੂੰ ਉਨ੍ਹਾਂ ਨੇ ਸੰਸਦ ਵਿਚ ਵੀ ਸਪਸ਼ਟ ਕਰ ਦਿੱਤਾ ਸੀ।ਡਾ: ਮਨਮੋਹਨ ਸਿੰਘ ਨੇ ਦੋ ਦਿਨਾਂ ਦੀ ਪਿਟਸਬਰਗ ਯਾਤਰਾ ਖਤਮ ਕਰਨ ਸਮੇਂ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਆਪਣੇ ਸਬੰਧ ਆਮ ਵਰਗੇ ਬਣਾਉਣਾ ਚਾਹੁੰਦਾ ਹੈ ਪਰ ਅਜਿਹਾ ਤਦ ਹੀ ਸੰਭਵ ਹੈ ਜੇਕਰ ਪਾਕਿਸਤਾਨ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤਣਾ ਛੱਡ ਦੇਵੇ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਸਮੱਗਰੀ ਅਤੇ ਸਬੂਤਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ ਤਾਂ ਜੋ ਉਹ ਜਾਂਚ ਕਰ ਸਕਣ। ਭਾਰਤ ਵਿਚ ਜੋ ਘਟਨਾ ਵਾਪਰੀ ਹੈ ਉਸ ਦੀ ਸਾਜ਼ਿਸ਼ ਪਾਕਿਸਤਾਨ ਵਿਚ ਰਚੀ ਗਈ ਸੀ। ਪਾਕਿਸਤਾਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ 26 ਨਵੰਬਰ ਦੇ ਮੁੰਬਈ ਹਮਲਿਆਂ ਵਿਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
No comments:
Post a Comment