ਜਰਮਨ ਬੇਕਰੀ ’ਚ ਹੋਏ ਧਮਾਕੇ ’ਚ 12 ਵਿਅਕਤੀਆਂ ਦੀ ਮੌਤ, 60 ਜਣੇ ਹੋਏ ਸਨ ਜ਼ਖਮੀਂ
ਪੁਣੇ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੂੰ ਬੇਹਦ ਅਹਿਮ ਸਬੂਤ ਹੱਥ ਲੱਗੇ ਹਨ। ਇਹ ਸਬੂਤ ਹੈ ਸੀਸੀਟੀਵੀ ਕੈਮਰੇ ’ਚ ਕੈਦ ਚਾਰ ਉਹ ਚਿਹਰੇ ਜਿਹੜੇ ਧਮਾਕੇ ਤੋਂ ਠੀਕ ਪਹਿਲਾਂ ਬੇਕਰੀ ਤੋਂ ਬਾਹਰ ਜਾਂਦੇ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਨਾਂ ਵਿਚੋਂ ਇਕ ਦੀ ਪਹਿਚਾਣ ਕਰ ਲਈ ਗਈ ਹੈ। ਇਹ ਵਿਅਕਤੀ ਸਲਮਾਨ ਹੈ, ਜਿਸ ਦਾ ਸਬੰਧ ਇੰਡੀਅਨ ਮੁਜਾਹਦੀਨ ਨਾਲ ਦੱਸਿਆ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਦੋ ਔਰਤਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਹ ਔਰਤਾਂ ਧਮਾਕੇ ਤੋਂ ਐਨ ਪਹਿਲਾਂ ਤੱਕ ਉਥੇ ਮੌਜੂਦ ਸਨ ਅਤੇ ਥੋੜੀ ਹੀ ਦੇਰ ਵਿਚ ਗਾਇਬ ਹੋ ਗਈਆਂ। ਪੁਣੇ ਦੇ ਜਰਮਨ ਬੇਕਰੀ ਵਿਚ ਹੋਏ ਵਿਸਫੋਟ ਦੇ ਸਬੰਧ ਵਿਚ ਖੁਫੀਆ ਏਜੰਸੀਆਂ ਦੇ ਹੱਥ ਹਾਲੇ ਭਾਵੇਂ ਕੁਝ ਨਹੀਂ ਲੱਗ ਰਿਹਾ, ਪਰ ਜਾਂਚ ਟੀਮ ਨੂੰ ਛੇਤੀ ਹੀ ਇਹ ਕੇਸ ਹੱਲ ਹੋਣ ਦੀ ਆਸ ਹੈ। ਏਜੰਸੀਆਂ ਬਲਾਸਟ ਤੋਂ ਪਹਿਲਾਂ ਪੁਣੇ ਤੋਂ ਪਾਕਿਸਤਾਨ ਕੰਟਰੋਲ ਵਾਲੇ ਕਸ਼ਮੀਰ ਵਿਚ ਇਕੋ ਨੰਬਰ ’ਤੇ ਕੀਤੀਆਂ 13 ਫੋਨ ਕਾਲਾਂ ਨੂੰ ਵੀ ਖੰਗਾਲ ਰਹੀਆਂ ਹਨ। ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪੁਣੇ ਹਮਲੇ ਦੇ ਤਾਰ ਵੀ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਹਨ। ਓਧਰ ਬੰਬ ਧਮਾਕੇ ਸੰਬਧੀ ਸੁਰਾਗ ਦੇਣ ਵਾਲੇ ਵਿਅਕਤੀ ਲਈ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।ਪੁਣੇ ਦੀ ਜਰਮਨ ਬੇਕਰੀ ਵਿਚ ਸਨਿਚਰਵਾਰ ਨੂੰ ਹੋਏ ਧਮਾਕੇ ਵਿਚ ਦੋ ਵਿਅਕਤੀਆਂ ਦੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਜਾ ਰਹਿਾ ਹੈ। ਇਨਾਂ ਧਮਾਕਿਆਂ ਵਿਚ 12 ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਜਰਮਨ ਬੇਕਰੀ ਸਾਹਮਣੇ ਪੰਜ ਤਾਰਾ ਹੋਟਲ ’ਚ ਲੱਗੇ ਕਲੋਜ਼ ਸਰਕਟ ਕੈਮਰਿਆਂ ਤੋਂ ਪ੍ਰਾਪਤ ਤਸਵੀਰਾਂ ਤੋਂ ਅਹਿਮ ਸੁਰਾਗ ਹੱਥ ਲੱਗੇ ਹਨ। ਦੋਵੇਂ ਵਿਅਕਤੀ ਕੋਰੇਗਾਓਂ ਪਾਰਕ ਇਲਾਕੇ ’ਚ ਬੇਕਰੀ ਦੇ ਅੰਦਰ ਵਿਸਫੋਟਕ ਸਮੱਗਰੀ ਨਾਲ ਭਰਿਆ ਇਕ ਥੈਲਾ ਰੱਖ ਕੇ ਇਕ ਆਟੋਰਿਕਸ਼ਾ ਵਿਚ ਫਰਾਰ ਹੋ ਗਏ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇੰਡੀਅਨ ਮੁਜਾਹਦੀਨ ਦੇ ਪੰਜ ਅੱਤਵਾਦੀਆਂ ਦੀ ਟੀਮ ਨੇ ਇਹ ਯੋਜਨਾ ਬਣਾਈ ਅਤੇ ਨੇਪਰੇ ਚਾੜੀ ਹੋ ਸਕਦੀ ਹੈ। ਇਸੇ ਦੌਰਾਨ ਪੁਲਿਸ ਕਮਿਸ਼ਨਰ ਸਤਿਆਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦ ਵਿਰੋਧੀ ਦਸਤੇ, ਕੌਮੀ ਜਾਂਚ ਅਥਾਰਟੀ ਅਤੇ ਪੁਣੇ ਦੀ ਅਪਰਾਧ ਸ਼ਾਖਾ ਸਾਂਝੇ ਰੂਪ ਵਿਚ ਤਾਲਮੇਲ ਨਾਲ ਧਮਾਕੇ ਦੀ ਜਾਂਚ ਕਰ ਰਹੀਆਂ ਹਨ ਅਤੇ ਅੱਤਵਾਦੀਆਂ ਨੂੰ ਛੇਤੀ ਹੀ ਫੜ ਲਏ ਜਾਣ ਦੀ ਆਸ ਹੈ। ਉਨਾਂ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਨਮੂਨੇ ਤੇ ਦੂਸਰੀ ਸਮੱਗਰੀ ਦੀ ਛਾਣਬੀਣ ਪਿੱਛੋਂ ਫੌਰੈਂਸਿਕ ਮਾਹਿਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਧਮਾਕੇ ਵਿਚ ਆਰਡੀਐਕਸ ਤਾਂ ਨਹੀਂ ਵਰਤਿਆ ਗਿਆ। ਉਨਾਂ ਦੱਸਿਆ ਕਿ ਚਾਰ ਸ਼ੱਕੀ ਸਾਡੀ ਨਿਗਾ ’ਚ ਹਨ ਅਤੇ ਆਸ ਕਰਦੇ ਹਾਂ ਕੋਈ ਠੋਸ ਜਾਣਕਾਰੀ ਸਾਹਮਣੇ ਆ ਜਾਵੇਗੀ।
No comments:
Post a Comment