ਜਕਾਰਤਾ/ਏਜੰਸੀਆਂ : ਇੰਡੋਨੇਸ਼ੀਆ ‘ਚ ਇਕ ਫੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਜਾਣ ਦਾ ਖ਼ਦਸ਼ਾ ਹੈ। ਜਹਾਜ਼ ਵਿਚ 100 ਤੋਂ ਵੱਧ ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਕਈ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਵੀ ਖ਼ਦਸ਼ਾ ਹੈ। ਸਥਾਨਕ ਟੀ ਵੀ ਚੈਨਲਾਂ ਦੁਆਰਾ ਦਿਖਾਈ ਗਈ ਫੁਟੇਜ਼ ਤੋਂ ਪਤਾ ਚੱਲ ਰਿਹਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਅੱਗ ਵਿਚ ਝੁਲਸਣ ਕਾਰਨ ਹੋਈ ਹੈ। ਹਵਾਈ ਫੌਜ ਦੇ ਬੁਲਾਰੇ ਬੈਮਬੈਂਗ ਨੇ ਦੱਸਿਆ ਕਿ ਸੀ-130 ਹਰਕਿਊਲਿਸ ਨਾਂ ਦੇ ਇਕ ਜਹਾਜ਼ ਵਿਚ 112 ਵਿਅਕਤੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਜਹਾਜ਼ ਆਪਣੇ ਨਿਯਮਤ ਪ੍ਰੀਖਣ ਮਿਸ਼ਨ ‘ਤੇ ਸੀ। ਜਦੋਂ ਇਹ ਪੂਰਬੀ ਜਾਵਾ ਪ੍ਰਾਂਤ ਦੇ ਹਵਾਈ ਫੌਜ ਆਧਾਰ ਵਾਲੇ ਕੈਂਪ ਕੋਲ ਪਹੁੰਚਿਆ ਤਾਂ ਉਥੇ ਹਾਦਸਾਗ੍ਰਸਤ ਹੋ ਗਿਆ। ਹਾਦਸਗ੍ਰਸਤ ਹੋਣ ਤੋਂ ਬਾਅਦ ਜਹਾਜ਼ ਉਥੋਂ ਦੇ ਨੇੜਲੇ ਖੇਤਾਂ ਵਿਚ ਡਿੱਗ ਪਿਆ।ਉਥੋਂ ਦੇ ਇਕ ਪੇਂਡੂ ਨੇ ਈ ਐਲ-ਛਿੰਤਾ ਰੇਡੀਓ ਨੂੰ ਦੱਸਿਆ ਕਿ ਉਨ੍ਹਾਂ ਨੇ ਬਹੁਤ ਤੇਜ਼ ਅਵਾਜ਼ ਸੁਣੀ, ਉਸ ਸਮੇਂ ਜਹਾਜ਼ ਹਿੱਲ ਰਿਹਾ ਸੀ ਅਤੇ ਬਾਅਦ ਵਿਚ ਜਹਾਜ਼ ਦੇ ਦੋ ਟੁਕੜੇ ਹੋ ਗਏ। ਦੇਸ਼ ਦੀ ਹਵਾਈ ਫੌਜ ਲੰਮੇ ਸਮੇਂ ਤੋਂ ਖ਼ਜ਼ਾਨੇ ‘ਚ ਕਮੀ ਦੀ ਸ਼ਿਕਾਇਤ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਫੌਜ ਦੇ ਜਹਾਜ਼ਾਂ ਦੀ ਹਾਦਸਾਗ੍ਰਸਤ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਮਹੀਨੇ ਫੋਕਰ-27 ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 24 ਮੌਤਾਂ ਹੋ ਗਈਆਂ ਸਨ।
No comments:
Post a Comment