ਕੋਲੰਬੋ : ਲਿੱਟੇ ਮੁਖੀ ਵੀ ਪ੍ਰਭਾਕਰਨ ਨੂੰ ਸ੍ਰੀਲੰਕਾ ਦੀ ਫੌਜ ਨੇ ਨਾਟਕੀ ਢੰਗ ਨਾਲ ਭੱਜਣ ਦੀ ਕੋਸ਼ਿਸ਼ ਕਰਦਿਆਂ ਮਾਰ ਮੁਕਾਇਆ। ਇਹ ਜਾਣਕਾਰੀ ਫੌਜ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਪ੍ਰਭਾਕਰਨ ਅਤੇ ਉਸ ਦੇ ਸੀਨੀਅਰ ਸਹਿਯੋਗੀ ਇਕ ਛੋਟੀ ਵੈਨ ਅਤੇ ਐਂਬੂਲੈਂਸ ‘ਚ ਸਵਾਰ ਹੋ ਕੇ ਯੁੱਧ ਖੇਤਰ ਤੋਂ ਭੱਜਣ ਦੀ ਕੋਸ਼ਿਸ਼ ਵਿਚ ਸਨ ਕਿ ਫੌਜ ਨੇ ਉਸ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਲਿਆ। ਹਾਲਾਂਕਿ ਫੌਜ ਨੇ ਇਸ ਬਾਰੇ ਸਰਕਾਰੀ ਐਲਾਨ ਨੂੰ ਲਾਸ਼ਾਂ ਦੇ ਡੀ ਐਨ ਏ ਪ੍ਰੀਖਣ ਕਰਵਾਏ ਜਾਣ ਤੋਂ ਰੋਕ ਲਿਆ। ਪ੍ਰਭਾਕਰਨ ਦੇ ਸਹਿਯੋਗੀਆਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਮਾਰੇ ਜਾਣ ਵਾਲਿਆਂ ਵਿਚ ਲਿੱਟੇ ਦੀ ਖੁਫ਼ੀਆ ਸ਼ਾਖਾ ਦਾ ਮੁਖੀ ਪੋਤੂ ਅਮਾਨ ਅਤੇ ਸਮੁੰਦਰੀ ਸ਼ਾਖਾ ਦਾ ਮੁਖੀ ਸੋ ਸੂਈ ਸ਼ਾਮਲ ਹਨ।
ਨੋ ਫਾਇਰ ਜ਼ੋਨ ਵਿਚ ਸਵੇਰੇ ਵਿਸ਼ੇਸ਼ ਦਸਤਿਆਂ ਦੀ ਮੁਹਿੰਮ ਦੌਰਾਨ 24 ਸਾਲਾ ਐਂਥਨੀ ਦੀ ਲਾਸ਼ ਮਿਲੀ, ਜੋ ਕਿ ਲਿੱਟੇ ਦੀ ਏਅਰ ਵਿੰਗ ਦਾ ਮੁਖੀ ਸੀ। ਲਿੱਟੇ ਦੇ ਕਬਜ਼ੇ ਵਾਲਾ ਇਹ ਆਖ਼ਰੀ ਖੇਤਰ ਸੀ। ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਆਖ਼ਰਕਾਰ ਲਿੱਟੇ ਦੀ ਸਮਾਪਤੀ ਕਰ ਦਿੱਤੀ ਹੈ। ਪ੍ਰਭਾਕਰਨ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਫੌਜ ਨੇ ਉਸ ਦੇ ਪੁੱਤਰ ਚਾਰਲਸ ਐਂਥਨੀ ਸਮੇਤ ਲਿੱਟੇ ਦੇ ਕਈ ਪ੍ਰਮੁੱਖ ਲੀਡਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਪ੍ਰਭਾਕਰਨ ਦੀ ਮੌਤ ਤੋਂ ਬਾਅਦ ਜਿੱਥੇ ਕਈ ਥਾਈਂ ਸੋਗ ਦੀ ਲਹਿਰ ਸੀ, ਉਥੇ ਸ੍ਰੀਲੰਕਾ ਦੇ ਸਥਾਨਕ ਨਿਵਾਸੀਆਂ ਨੇ ਖੁਸ਼ੀ ਵੀ ਮਨਾਈ। ਸਥਾਨਕ ਲੋਕਾਂ ਨੇ ਆਪਣੀ ਖੁਸ਼ੀ ਦੌਰਾਨ ਬਰਤਾਨੀਆ ਵਿਰੁੱਧ ਰੋਸ ਵੀ ਜਤਾਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਤਾਨੀਆ ਅਜੇ ਵੀ ਲਿੱਟਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਯੁੱਧਬੰਦੀ ਦੀ ਮੰਗ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਸਰਕਾਰ ਨੇ ਲਿੱਟੇ ਖ਼ਿਲਾਫ਼ ਫ਼ੈਸਲਾਕੁੰਨ ਯੁੱਧ ਲੰਘੇ ਨਵੰਬਰ ‘ਚ ਸ਼ੁਰੂ ਕੀਤਾ ਸੀ। ਪ੍ਰਭਾਕਰਨ ਦੀ ਮੌਤ ਦੀ ਖ਼ਬਰ ਉਨ੍ਹਾਂ ਕਾਰਵਾਈਆਂ ਤੋਂ ਬਾਅਦ ਆਈ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਲਿੱਟੇ ਦੀਆਂ ਬੰਦੂਕਾਂ ਹੁਣ ਖਾਮੋਸ਼ ਹੋ ਗਈਆਂ ਹਨ। ਸ੍ਰੀਲੰਕਾ ਫੌਜ ਦੇ ਇਕ ਬੁਲਾਰੇ ਨੇ ਪ੍ਰਭਾਕਰਨ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ 26 ਸਾਲਾਂ ਬਾਅਦ ਸ੍ਰੀਲੰਕਾ ਦੀ ਪੂਰੀ ਜ਼ਮੀਨ ਇਕ ਵਾਰ ਫਿਰ ਸ੍ਰੀਲੰਕਾ ਦੇ ਕੰਟਰੋਲ ਹੇਠ ਹੈ। ਫੌਜ ਮੁਖੀ ਜਨਰਲ ਸਰਤ ਫੋਸੈਂਕਾ ਨੇ ਪ੍ਰਭਾਕਰਨ ਦੀ ਮੌਤ ਦੇ ਨਾਲ-ਨਾਲ ਲਿੱਟਿਆਂ ਦੀ ਹਾਰ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਫੌਜ ਨੇ ਦਲੇਰੀ ਨਾਲ ਦੇਸ਼ ਨੂੰ ਦਹਿਸ਼ਤਵਾਦ ਤੋਂ ਮੁਕਤ ਕਰਾਇਆ ਹੈ।
No comments:
Post a Comment