ਲੁਧਿਆਣਾ, ਮੋਗਾ, ਮੋਹਾਲੀ ਅਤੇ ਹੁਸ਼ਿਆਰਪੁਰ ’ਚ ਰੈਲੀਆਂ
ਚੰਡੀਗੜ੍ਹ : ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਪੰਜਾਬ ਵਿਚ ਪੂਰਾ ਤਰ੍ਹਾਂ ਨਾਲ ਸਿੱਖ ਕਾਰਡ ਖੇਡਦੇ ਹੋਏ ਨਜ਼ਰ ਆਏ। ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ’ਤੇ ਜ਼ਬਰਦਸਤ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ੇਰ-ਏ-ਪੰਜਾਬ ਅਤੇ ਪੰਜਾਬ ਦੀ ਸ਼ਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਮਜ਼ੋਰ ਨਜ਼ਰ ਆਉਂਦੇ ਹਨ। ਪੰਜਾਬ ਦੀਆਂ ਬਚੀਆਂ ਨੌ ਸੀਟਾਂ ’ਤੇ 13 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਸਿੱਖਾਂ ਨੂੰ ਲਲਕਾਰਦੇ ਹੋਏ ਰਾਹੁਲ ਨੇ ਕਿਹਾ ਕਿ ਮੈਂ ਦੁਨੀਆਂ ਵਿਚ ਕਈ ਥਾਵਾਂ ਅਤੇ ਕਰੀਬ-ਕਰੀਬ ਪੂਰੇ ਭਾਰਤ ਵਿਚ ਘੁੰਮਿਆ ਹਾਂ ਪਰ ਮੈਨੂੰ ਅੱਜ ਤੱਕ ਇਕ ਵੀ ਸਿੱਖ ਅਜਿਹਾ ਨਹੀਂ ਮਿਲਿਆ ਜੋ ਕਮਜ਼ੋਰ ਹੋਵੇ, ਜੋ ਡਰਦਾ ਹੋਵੇ। ਉਨ੍ਹਾਂ ਨੇ ਇੱਥੇ ਕਿਹਾ ਕਿ ਕਾਂਗਰਸ ਮਨਮੋਹਨ ਸਿੰਘ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਦੇ ਨਾਮ ’ਤੇ ਵੋਟ ਮੰਗ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਫਿਰਕਾਪ੍ਰਸਤ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਆਪਣੇ ਸਿਆਸੀ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਗੁਜਰਾਤ ਅੰਦਰ ਮੁਸਲਮਾਨਾਂ ’ਤੇ ਇੱਕ ਡੂੰਘੀ ਸਾਜ਼ਿਸ਼ ਅਧੀਨ ਹਮਲੇ ਕਰਵਾ ਕੇ ਮੌਤ ਦੇ ਘਾਟ ਉਤਰਵਾਇਆ। ਮੁੰਬਈ ’ਚ ਯੂਪੀ ਤੇ ਬਿਹਾਰ ਨਾਲ ਸਬੰਧਤ ਲੋਕਾਂ ਦੀ ਮਾਰਕੁਟਾਈ, ਉੜੀਸਾ ਅੰਦਰ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਜਿਉਂਦੇ ਹੀ ਸੜ ਦਿੱਤਾ ਗਿਆਂ ਅਤੇ ਪੰਜਾਬ ’ਚ ਅਕਾਲੀਆਂ ਨਾਲ ਮਿਲ ਕੇ ਔਰਤਾਂ ’ਤੇ ਹਮਲੇ ਕਰਵਾਏ ਗਏ।
ਰਾਹੁਲ ਗਾਂਧੀ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਮੁਨੀਸ਼ ਤਿਵਾੜੀ, ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਵੱਡੇ ਉਦਯੋਗਿਕ ਤੇ ਵਪਾਰਕ ਘਰਾਣਿਆਂ ਦੀ ਪ੍ਰਫੁੱਲਤਾ ਵਾਲੀਆਂ ਰਹੀਆਂ ਹਨ। ਇਨ੍ਹਾਂ ਦੇ ਰਾਜਕਾਲ ਦੌਰਾਨ ਦੇਸ਼ ਭਰ ਅੰਦਰ ਹਜ਼ਾਰਾਂ ਹੀ ਕਿਸਾਨਾਂ ਨੇ ਆਰਥਕ ਤੰਗੀ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕੀਤੀਆਂ। ਜਦਕਿ ਕਾਂਗਰਸ ਪਾਰਟੀ ਨੇ ਗਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਆਮ ਵਰਗ ਨਾਲ ਸਬੰਧਤ ਲੋਕਾਂ ਦਾ ਜੀਵਨ ਪੱਧਰ ੳੁੱਚਾ ਚੁੱਕਣ ਦਾ ਹਰ ਸੰਭਵ ਉਪਰਾਲਾ ਕੀਤਾ।
No comments:
Post a Comment