19 ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ, ਪੰਜਾਬ ਤੋਂ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਬਣੀ ਕੈਬਨਿਟ ਮੰਤਰੀ
ਨਵੀਂ ਦਿੱਲੀ : ਡਾ. ਮਨਮੋਹਨ ਸਿੰਘ ਨੇ ਸ਼ੁਕਰਵਾਰ ਸ਼ਾਮ ਸਾਢੇ 6 ਵਜੇ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਲਗਾਤਾਰ ਦੂਸਰੀ ਵਾਰ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ ਲੈ ਕੇ ਦੇਸ਼ ਦੀ ਵਾਗਡੋਰ ਅਪਣੇ ਹੱਥਾਂ ਵਿਚ ਲੈ ਲਈ ਹੈ। ਡਾ. ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਸਾਦੇ ਸਮਾਗਮ ਵਿਚ ਮਨਮੋਹਨ ਸਿੰਘ ਦੇ ਸਹੁੰ ਚੁਕਦਿਆਂ ਹੀ ਹਾਲ ਤਾੜੀਆਂ ਨਾਲ ਗੂੰਜ ਉਠਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਡਾ. ਮਨਮੋਹਨ ਸਿੰਘ ਦੇਸ਼ ਦੇ ਦੂਸਰੇ ਅਜਿਹੇ ਪ੍ਰਧਾਨ ਮੰਤਰੀ ਬਣੇ ਹਨ ਜਿਨਾਂ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਕੇ ਲਗਾਤਾਰ ਦੂਸਰੀ ਵਾਰ ਇਹ ਅਹੁਦਾ ਹਾਸਲ ਕੀਤਾ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਂਦੇ ਭਾਰਤ ਦੇ ਉਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਅਤੇ ਦੂਸਰੀ ਵਾਰ ਫਿਰ ਉਨਾਂ ਨੂੰ ਇਹ ਅਹੁਦਾ ਮਿਲਣ ਕਰਕੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵਿਚ ਵੀ ਖੁਸ਼ੀ ਦੀ ਲਹਿਰ ਹੈ।ਪ੍ਰਧਾਨ ਮੰਤਰੀ ਤੋਂ ਇਲਾਵਾ 19 ਹੋਰ ਆਗੂਆਂ ਨੇ ਕੈਬਨਿਟ ਮੰਤਰੀ ਅਹੁਦੇ ਦਾ ਹਲਫ ਲਿਆ ਹੈ। ਜਿਨਾਂ ਵਿਚ ਕੁਝ ਕੁ ਨੂੰ ਛੱਡਕੇ ਬਾਕੀ ਸਾਰੇ ਪਿਛਲੀ ਸਰਕਾਰ ਵਿਚ ਮੰਤਰੀ ਰਹੇ ਆਗੂ ਹੀ ਸ਼ਾਮਲ ਹਨ। ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ਵਿਚ ਪ੍ਰਣਬ ਮੁਖਰਜੀ, ਸ਼ਰਦ ਪਵਾਰ, ਏਕੇ ਐਂਟਨੀ, ਵਾਇਲਾਰ ਰਵੀ, ਅੰਬਿਕਾ ਸੋਨੀ, ਵੀਰੱਪਾ ਮੋਇਲੀ, ਮਮਤਾ ਬੈਨਰਜੀ, ਐਸ ਐਮ ਕ੍ਰਿਸ਼ਨਾ, ਗੁਲਾਮ ਨਬੀ ਆਜ਼ਾਦ, ਸੀਪੀ ਜੋਸ਼ੀ, ਐਸ ਜੈਪਾਲ ਰੈਡੀ, ਕਪਿਲ ਸਿੱਬਲ, ਕਮਲ ਨਾਥ, ਸੁਸ਼ੀਲ ਕੁਮਾਰ ਸ਼ਿੰਦੇ, ਮੁਰਲੀ ਦੇਵੜਾ, ਆਨੰਦ ਕੁਮਾਰ, ਮੀਰਾ ਕੁਮਾਰ, ਵੀ ਕੇ ਹਾਂਡਿਕ ਸ਼ਾਮਲ ਹਨ। ਕੁਝ ਕੁ ਆਗੂਆਂ ਨੂੰ ਮੰਗਲਵਾਰ ਨੂੰ ਫਿਰ ਮੰਤਰੀ ਅਹੁਦੇ ਦਾ ਹਲਫ ਦਿਵਾਇਆ ਜਾਵੇਗਾ, ਜਿਨਾਂ ਵਿਚ ਜੰਮੂ ਕਸ਼ਮੀਰ ਦੇ ਆਗੂ ਫਾਰੁਖ ਅਬਦੁਲਾ ਵੀ ਸ਼ਾਮਲ ਹਨ। ਪਹਿਲੇ ਹੀ ਕੈਬਨਿਟ ਸਹੁੰ ਚੁਕ ਸਮਾਗਮ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਨੁਮਾਇੰਦਗੀ ਮਿਲੀ ਹੈ, ਉਹ ਪਿਛਲੀ ਵਾਰ ਵੀ ਸਰਕਾਰ ਵਿਚ ਸੈਰ ਸਪਾਟਾ ਵਿਭਾਗ ਦੇ ਮੰਤਰੀ ਰਹੇ ਹਨ। ਆਉਣ ਵਾਲੇ ਸਮੇਂ ਵਿਚ ਮਨੋਹਰ ਸਿੰਘ ਗਿੱਲ, ਪਰਨੀਤ ਕੌਰ ਅਤੇ ਮਨੀਸ਼ ਤਿਵਾੜੀ ਵਿਚੋਂ ਵੀ ਕਿਸੇ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
No comments:
Post a Comment