ਰਾਸ਼ਟਰਪਤੀ ਵੱਲੋਂ ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸੱਦਾ
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 15ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ‘ਚ ਸਭ ਤੋਂ ਵੱਡੇ ਗੱਠਜੋੜ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ ਪੀ ਏ) ਦੇ ਨੇਤਾ ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਮਨਮੋਹਨ ਸਿੰਘ 22 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੁੱਲ 322 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਜਿਹੜਾ ਕਿ 272 ਦੇ ਅੰਕੜੇ ਤੋਂ ਕਾਫ਼ੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਦੱਸਿਆ ਕਿ ਯੂ ਪੀ ਏ ਦੀ ਚੇਅਰਪਰਸਨ ਹੋਣ ਦੇ ਨਾਤੇ ਉਨ੍ਹਾਂ ਰਾਸ਼ਟਰਪਤੀ ਨੂੰ ਚਿੱਠੀ ਸੌਂਪੀ ਕਿ ਮਨਮੋਹਨ ਸਿੰਘ ਅਗਲੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਯੂ ਪੀ ਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਸ਼ਟਰਪਤੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਕੁੱਲ 322 ਸੰਸਦ ਮੈਂਬਰਾਂ ਦੇ ਸਮਰਥਨ ਦਾ ਪੱਤਰ ਸੌਂਪਿਆ, ਜਿਸ ਵਿਚ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਡੀ ਐਮ ਕੇ ਅਹਿਮ ਹਨ। ਸਰਕਾਰ ਵਿਚ ਰਾਸ਼ਟਰੀ ਜਨਤਾ ਦਲ ਵਰਗੇ ਭਾਈਵਾਲਾਂ ਨੂੰ ਚੋਣਾਂ ਤੋਂ ਬਾਅਦ ਸ਼ਾਮਲ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਬਾਰੇ ਛੇਤੀ ਹੀ ਸਭ ਨੂੰ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਚਾਰ ਅਜ਼ਾਦ ਮੈਂਬਰਾਂ ਨੂੰ ਲੈ ਕੇ ਕਾਂਗਰਸ ਕੋਲ 274 ਦਾ ਅੰਕੜਾ ਪਹਿਲਾਂ ਤੋਂ ਹੀ ਹੈ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਵਿਖੇ ਅੱਜ ਹੋਈ ਯੂ ਪੀ ਏ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੂੰ ਸਰਬਸੰਮਤੀ ਨਾਲ ਯੂ ਪੀ ਏ ਦੀ ਚੇਅਰਪਰਸਨ ਚੁਣਿਆ ਗਿਆ। ਕਾਂਗਰਸ ਅਤੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਭਾਈਵਾਲਾਂ ਦੀ ਬੈਠਕ ਵਿਚ ਯੂ ਪੀ ਏ ਦੇ ਚੇਅਰਪਰਸਨ ਦੇ ਅਹੁਦੇ ਲਈ ਡੀ ਐਮ ਕੇ ਆਗੂ ਐਮ ਕਰੁਣਾਨਿਧੀ ਨੇ ਸੋਨੀਆ ਗਾਂਧੀ ਦਾ ਨਾਂ ਪੇਸ਼ ਕੀਤਾ, ਜਦਕਿ ਤ੍ਰਿਣਮੂਲ ਪਾਰਟੀ ਦੀ ਮੁਖੀ ਮਮਤਾ ਬੈਨਰਜੀ ਨੇ ਸਮਰਥਨ ਕੀਤਾ। ਯੂ ਪੀ ਏ ਵਿਚ ਕਾਂਗਰਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ, ਜਿਸ ਦੀਆਂ 19 ਸੀਟਾਂ ਹਨ ਅਤੇ ਉਸ ਤੋਂ ਬਾਅਦ ਡੀ ਐਮ ਕੇ ਕੋਲ 18 ਐਮ ਪੀ ਹਨ। 543 ਮੈਂਬਰੀ ਲੋਕ ਸਭਾ ਵਿਚ ਸਰਕਾਰ ਬਣਾਉਣ ਦਾ ਬਹੁਮਤ ਹਾਸਲ ਕਰਨ ਲਈ 272 ਮੈਂਬਰਾਂ ਦੀ ਲੋੜ ਹੁੰਦੀ ਹੈ। ਇਸੇ ਦੌਰਾਨ ਤ੍ਰਿਣਮੂਲ ਆਗੂ ਮਮਤਾ ਬੈਨਰਜੀ ਨੇ ਸੁਝਾਅ ਦਿੱਤਾ ਕਿ ਕੋਈ ਘੱਟੋ-ਘੱਟ ਸਾਂਝਾ ਏਜੰਡਾ ਤਿਆਰ ਕੀਤਾ ਜਾਵੇ ਅਤੇ ਇਸ ਲਈ ਇਕ ਸੰਮਤੀ ਬਣਾਈ ਜਾਵੇ। ਉਨ੍ਹਾਂ ਰੋਜ਼ਗਾਰ ਦੇ ਅਵਸਰ ਘੱਟ ਹੋਣ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੁਕ ਅਬਦੁੱਲਾ, ਮੁਸਲਿਮ ਲੀਗ ਦੇ ਈ ਅਹਿਮਦ, ਜੇ ਐਮ ਐਮ ਦੇ ਸ਼ਿਬੂ ਸੋਰੇਨ ਅਤੇ ਐਮ ਆਈ ਐਮ ਦੇ ਅਸੱਦੂਦੀਨ ਓਬੇਸੀ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਪ੍ਰਣਬ ਮੁਖਰਜੀ, ਅਹਿਮਦ ਪਟੇਲ, ਰਾਹੁਲ ਗਾਂਧੀ ਅਤੇ ਏ ਕੇ ਐਂਟਨੀ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦ੍ਰਿਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂ ਪੀ ਏ ਦੇ ਭਾਈਵਾਲਾਂ ਦੇ ਘੋਸ਼ਣਾ ਪੱਤਰਾਂ ਦੇ ਸਾਂਝੇ ਬਿੰਦੂਆਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਵਿਚ ਸ਼ਾਮਲ ਕਰਨ ਲਈ ਇਕ ਸਮੂਹ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਹਾਲਾਂਕਿ ਕਿਹਾ ਕਿ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਉਣ ਵਰਗੀ ਕੋਈ ਚਰਚਾ ਅਜੇ ਨਹੀਂ ਹੋਈ।
No comments:
Post a Comment