ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਬਰਮ ’ਤੇ ਕਾਂਗਰਸ ਹੈਡਕੁਆਟਰ ਵਿਚ ਭਰੀ ਪ੍ਰੈਸ ਕਾਨਫਰੰਸ ਦੌਰਾਨ ‘ਜੁੱਤਾ’ ਮਾਰ ਕੇ ਸਨਸਨੀ ਫੈਲਾਉਣ ਵਾਲੇ ਸਿੱਖ ਪੱਤਰਕਾਰ ਜਰਨੈਲ ਸਿੰਘ ਨੂੰ ਬਗੈਰ ਮਾਮਲਾ ਦਰਜ ਕੀਤੇ ਰਿਹਾਅ ਕਰ ਦਿੱਤਾ ਗਿਆ। ਲੇਕਿਨ ਕਾਂਗਰਸ ਪਾਰਟੀ ਵਿਚ ਇਸ ਘਟਨਾ ਨੂੰ ਲੈ ਕੇ ਹਲਚਲ ਪੈਦਾ ਹੋ ਗਈ ਹੈ ਅਤੇ ਸਿੱਖਾਂ ਦੀ ਨਾਰਾਜ਼ਗੀ ਪਾਰਟੀ ਨੂੰ ਸਤਾਉਣ ਲੱਗੀ ਹੈ। ਕਾਂਗਰਸ ਅਤੇ ਗ੍ਰਹਿ ਮੰਤਰੀ ਨੇ ਇਸ ਭਾਵੁਕ ਹੋਏ ਪੱਤਰਕਾਰ ਨੂੰ ਮੁਆਫ ਕੀਤੇ ਜਾਣ ਕਾਰਨ ਉਸ ਨੂੰ ਅੱਧੇ ਘੰਟੇ ਬਾਅਦ ਹੀ ਛੱਡ ਦਿੱਤਾ ਗਿਆ।
ਦਰਅਸਲ ਇਕ ਹਿੰਦੀ ਅਖਬਾਰ ਦੈਨਿਕ ਜਾਗਰਣ ਲਈ ਕੰਮ ਕਰਨ ਵਾਲੇ ਇਸ ਪੱਤਰਕਾਰ ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇ ਸਬੰਧ ਵਿਚ ਚਿਦੰਬਰਮ ਨੂੰ ਸੁਆਲ ਕੀਤਾ ਸੀ, ਜਿਸ ’ਤੇ ਗ੍ਰਹਿ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਤੋਂ ਬਾਅਦ ਜਰਨੈਲ ਸਿੰਘ ਨੇ ਗੁੱਸੇ ਵਿਚ ਆ ਕੇ ਮੰਤਰੀ ’ਤੇ ਜੁੱਤਾ ਵਗਾਹ ਮਾਰਿਆ। ਜੌਰਜ ਬੁਸ਼ ਵਾਂਗ ਇਹ ਜੁੱਤਾ ਵੀ ਚਿਦੰਬਰਮ ਦੇ ਸਰੀਰ ’ਤੇ ਨਾ ਲੱਗਿਆ, ਪਰ ਪੱਤਰਕਾਰ ਨੇ ਦੋ ਵਾਰ ਅਪਣੇ ਵਲੋਂ ਰੋਸ ਜਾਹਰ ਕਰਨ ਦੀ ਗੱਲ ਕਰਦਿਆਂ ਕਿਹਾ ਕਿ ‘ਆਈ ਪ੍ਰੋਟੈਸਟ’, ‘ਆਈ ਪ੍ਰੋਟੈਸਟ’।ਬਾਅਦ ਵਿਚ ਕਾਂਗਰਸ ਦੇ ਕੁਝ ਵਰਕਰ ਪੱਤਰਕਾਰ ਨੂੰ ਉਸਦੀ ਸੀਟ ਤੋਂ ਉਠਾ ਕੇ ਲੈ ਗਏ। ਜਦੋਂ ਉਸਨੂੰ ਉਹ ਲਿਜਾ ਰਹੇ ਸਨ ਤਾਂ ਗ੍ਰਹਿ ਮੰਤਰੀ ਨੇ ਤਿੰਨ ਵਾਰ ਟੋਕਦਿਆਂ ਪੱਤਰਕਾਰ ਨੂੰ ਆਰਾਮ ਨਾਲ ਬਾਹਰ ਲੈ ਕੇ ਜਾਣ ਬਾਰੇ ਕਿਹਾ ਅਤੇ ਪ੍ਰੈਸ ਕਾਨਫਰੰਸ ਨੂੰ ਜਾਰੀ ਰੱਖਿਆ। ਪੱਤਰਕਾਰ ਦੇ ਵਰਤਾਓ ਬਾਰੇ ਪੁੱਛਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਉਸ ਨੂੰ ਮੁਆਫ ਕਰ ਦਿੱਤਾ ਹੈ। ਜਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਵਤੀਰਾ ਭਾਵੇਂ ਗਲਤ ਸੀ ਪਰ ਉਸਦਾ ਮੁੱਦਾ ਸਹੀ ਸੀ। ਉਸਨੇ ਕਿਹਾ ਕਿ ਸਾਨੂੰ ਕੋਈ ਨਿਆਂ ਨਹੀਂ ਮਿਲਿਆ। ਸੀਬੀਆਈ ਜਾਂਚ ਏਜੰਸੀ ਗ੍ਰਹਿ ਮੰਤਰੀ ਦੇ ਅਧਿਕਾਰ ਹੇਠ ਕੰਮ ਕਰਦੀ ਹੈ। ਮੈਂ ਕਾਂਗਰਸ ਦੇ ਖਿਲਾਫ਼ ਨਹੀਂ ਹਾਂ ਪਰ ਮੇਰਾ ਸਵਾਲ ਇਹ ਸੀ ਕਿ ਚੋਣਾਂ ਤੋਂ ਪਹਿਲਾਂ ਇਹ ਐਲਾਨ ਕਿਉਂ ਕੀਤਾ ਜਾ ਰਿਹਾ ਹੈ।
ਇਸ ਘਟਨਾ ਦਾ ਰਲਵਾਂ ਮਿਲਵਾਂ ਪ੍ਰਤੀਕਰਮ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਕੇਂਦਰੀ ਮੰਤਰੀ ’ਤੇ ਜੁੱਤਾ ਸੁੱਟਣ ਵਾਲੇ ਜਰਨੈਲ ਸਿੰਘ ਦੇ ਸਾਹਸ ਅਤੇ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਘਟਨਾ ਸਿੱਖਾਂ ਦੇ ਰੋਹ ਦਾ ਨਤੀਜਾ ਹੈ। ਹਾਲਾਂਕਿ ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਸੱਜਣ ਕੁਮਾਰ ਅਤੇ ਟਾਈਟਲਰ ਦੇ ਨਾਂ ਵਾਪਸ ਲਏ ਜਾਣੇ ਚਾਹੀਂਦੇ ਹਨ। ਕਾਂਗਰਸੀ ਨੇਤਾ ਰਸ਼ਿਦ ਅਲੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ। ਕਿਹਾ ਕਿ ਇਸ ਘਟਨਾ ਨੂੰ ਬੁਸ਼ ’ਤੇ ਜੁੱਤੀ ਸੁੱਟਣ ਵਾਲੀ ਘਟਨਾ ਨਾਲ ਨਾ ਜੋੜਿਆ ਜਾਵੇ।
No comments:
Post a Comment