ਭਾਜਪਾ ਦੇ ਨਾਲ ਨਾਲ ਕਾਂਗਰਸ ਨੂੰ ਵੀ ਬਾਬਰੀ ਮਸਜਿਦ ਦੇ ਢਾਹੇ ਜਾਣ ਪਿੱਛੇ ਜਿੰਮੇਵਾਰ ਦੱਸਿਆ
ਨਵੀਂ ਦਿੱਲੀ : ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਦੇ ਨਾਲ ਨਾਲ ਭਾਜਪਾ ’ਤੇ ਵੀ ਅਜਿਹੇ ਗੋਲੇ ਦਾਗੇ ਜਿਸ ਨਾਲ ਦੇਸ਼ ਦੀ ਰਾਜਨੀਤੀ ਗਰਮਾ ਗਈ ਹੈ। ਲਾਲੂ ਨੇ ਬਾਬਰੀ ਮਸਜਿਦ ਢਾਹੇ ਜਾਣ ਦੇ ਪਿੱਛੇ ਕਾਂਗਰਸ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਲਾਲੂ ਪ੍ਰਸਾਦ ਨੇ ਲਾਲ ਕ੍ਰਿਸ਼ਨ ਆਡਵਾਨੀ ਨੂੰ ਗਾਲ ਤੱਕ ਕੱਢ ਦਿੱਤੀ। ਦਰਬੰਗਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਨੇ ਆਡਵਾਨੀ ਨੂੰ ‘ਹਰਾਮ ਦਾ..’ ਕਹਿ ਦਿੱਤਾ।ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਦੇ ਕੰਨ ਖੜੇ ਕਰਦਿਆਂ ਕਿਹਾ ਕਿ ਕਾਂਗਰਸ ਚਾਹੁੰਦੀ ਤਾਂ ਬਾਬਰੀ ਮਸਜਿਦ ਨੂੰ ਬਚਾਇਆ ਜਾ ਸਕਦਾ ਸੀ ਪਰ ਕਾਂਗਰਸ ਅਜਿਹਾ ਕਰਨ ਵਿਚ ਅਸਫਲ ਰਹੀ। ਲਾਲੂ ਨੇ ਬਾਬਰੀ ਮਸਜਿਦ ਢਾਹੇ ਜਾਣ ਦੇ ਬਾਰੇ ਭਾਜਪਾ ਦੇ ਨਾਲ ਨਾਲ ਕਾਂਗਰਸ ਨੂੰ ਵੀ ਜਿੰਮੇਵਾਰ ਦੱਸਿਆ। ਆਡਵਾਨੀ ਬਾਰੇ ਅਪਸ਼ਬਦ ਬੋਲਦਿਆਂ ਕਿਹਾ ਕਿ ਆਡਵਾਨੀ ਰਫਿਊਜ਼ੀ ਹੈ। ਲਾਲੂ ਵੱਲੋਂ ਅਚਾਨਕ ਹੀ ਭਾਜਪਾ ਦੇ ਨਾਲ ਨਾਲ ਕਾਂਗਰਸ ਵਿਰੁਧ ਸਖਤ ਭਾਸ਼ਾ ਦੇ ਇਸਤੇਮਾਲ ਕੀਤੇ ਜਾਣ ਦੇ ਸਬੰਧ ਵਿਚ ਕਿਹਾ ਜਾ ਰਿਹਾ ਹੈ ਕਿ ਲਾਲੂ ਵਲੋਂ ਕਾਂਗਰਸ ਨਾਲ ਸਿਆਸੀ ਮਤਭੇਦ ਹੋਣ ਕਰਕੇ ਲਾਲੂ ਨੂੰ ਜਿੱਥੇ ਨਿਤਿਸ਼ ਕੁਮਾਰ ਦੀ ਪਾਰਟੀ ਵੱਲੋਂ ਸਖਤ ਚੁਣੌਤੀ ਮਿਲ ਰਹੀ ਹੈ ਉਥੇ ਉਸ ਦੀਆਂ ਵੋਟਾਂ ਕਾਂਗਰਸ ਦੇ ਉਮੀਦਵਾਰਾਂ ਵੱਲ ਵੀ ਝੁਕ ਗਈਆਂ ਦੱਸੀਆਂ ਜਾ ਰਹੀਆਂ ਹਨ। ਮੁਸਲਿਮ ਵੋਟ ਵਿਚ ਬਿਖਰਾਓ ਪੈਦਾ ਕਰਕੇ ਲਾਲੂ ਜਿੱਥੇ ਮੁਸਲਿਮ ਭਾਈਚਾਰੇ ਦੀ ਵੋਟ ਅਪਣੇ ਹੱਥ ਵਿਚ ਕਰਨਾ ਚਾਹੁੰਦੇ ਹਨ ਉਥੇ ਆਡਵਾਨੀ ਵਿਰੁਧ ਸਖਤ ਭਾਸ਼ਾ ਵਰਤ ਕੇ ਸਿਆਸੀ ਲਾਹਾ ਲੈਣ ਦੀ ਫਿਰਾਕ ਵਿਚ ਹਨ। ਜ਼ਿਕਰਯੋਗ ਹੈ ਕਿ ਦੋ ਪਾਰਲੀਮੈਂਟ ਹਲਕਿਆਂ ਤੋਂ ਚੋਣ ਲੜ ਰਹੇ ਲਾਲੂ ਦਾ ਸਿਆਸੀ ਵੱਕਾਰ ਇਸ ਵਾਰ ਦਾਅ ’ਤੇ ਲੱਗਾ ਹੋਇਆ ਹੈ।
No comments:
Post a Comment