ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Monday, March 23, 2009

ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੁਰੇ 11 ਮੈਂਬਰੀ ਸ਼ਹੀਦੀ ਜਥੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਤਲਵੰਡੀ ਸਾਬੋ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰੇ ਬੰਦ ਕਰਾਉਣ ਲਈ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਾਸਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੁਰੇ 11 ਮੈਂਬਰੀ ਸ਼ਹੀਦੀ ਜਥੇ ਨੂੰ ਪੁਲਿਸ ਨੇ ਮੌੜ ਮੰਡੀ ਤੋਂ ਚਾਰ ਕਿਲੋਮੀਟਰ ਪਿਛਾਂਹ ਨੁਕਸੇ ਅਮਨ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀਆਂ 2007 ‘ਚ ਹੋਈਆਂ ਚੋਣਾਂ ਦੌਰਾਨ ਮਾਲਵਾ ਖਿੱਤੇ ‘ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਈ ਸੱਟ ਤੋਂ ਬਾਅਦ ਮਾਨਸਾ ਦੇ ਸ਼ਾਹ ਮਸਤਾਨਾ ਚੌਂਕ ਦੀ ਹੋਈ ਭੰਨ-ਤੋੜ ਤੋਂ ਅਕਾਲੀਆਂ ਅਤੇ ਪ੍ਰੇਮੀਆਂ ਦਾ ਜੋ ਕਾਟੋ ਕਲੇਸ਼ ਸ਼ੁਰੂ ਹੋਇਆ ਸੀ, ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਵੱਲੋਂ ਡੇਰਾ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਛਕਾਏ ਜਾਮ-ਏ-ਇੰਸਾਂ ਨਾਲ ਉਹ ਸਿੱਖ ਬਨਾਮ ਪ੍ਰੇਮੀਆਂ ਦੇ ਟਕਰਾਅ ‘ਚ ਤਬਦੀਲ ਹੋ ਗਿਆ। ਬਲਦੀ ‘ਤੇ ਤੇਲ ਪਾਉਣ ਦਾ ਕੰਮ ਦੋ ਕੁ ਦਿਨ ਬਾਅਦ ਬਠਿੰਡਾ ਵਿਖੇ ਵਾਪਰੀ ਉਸ ਘਟਨਾ ਨੇ ਕਰ ਦਿੱਤਾ, ਜਿਸ ਸਦਕਾ ਸਿੱਖ ਤੇ ਪ੍ਰੇਮੀ ਆਪਸ ‘ਚ ਡਾਂਗੋ-ਸੋਟੀ ਹੋ ਗਏ। ਹਾਲਾਤ ਇਸ ਕਦਰ ਤਣਾਅ ਪੂਰਨ ਬਣ ਗਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਬੁਲਾਏ ਇਕੱਠ ਦੌਰਾਨ ਗਰਮ ਖਿਆਲੀ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਪੰਜ ਸਿੰਘ ਸਹਿਬਾਨ ਨੇ ਨਾ-ਸਿਰਫ਼ ਡੇਰਾ ਮੁਖੀ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਬਾਈਕਾਟ ਸਬੰਧੀ 17 ਮਈ 2007 ਨੂੰ ਹੁਕਮਨਾਮਾ ਜਾਰੀ ਕਰ ਦਿੱਤਾ, ਬਲਕਿ ਪੰਜਾਬ ਦੀ (ਪੰਥਕ) ਸਰਕਾਰ ਨੂੰ ਰਾਜ ਵਿਚਲੇ ਡੇਰੇ ਬੰਦ ਕਰਵਾਉਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਇਕ ਇਕੱਤਰਤਾ ਨੇ ਡੇਰੇ ਬੰਦ ਕਰਵਾਉਣ ਲਈ ਸ਼ਹੀਦੀ ਜਥੇ ਤੋਰਨ ਦਾ ਫੈਸਲਾ ਵੀ ਲੈ ਲਿਆ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸਾਖੀ ਤੱਕ ਡੇਰੇ ਵਿਰੁੱਧ ਚੱਲ ਰਹੇ ਸੰਘਰਸ਼ਾਂ ਨੂੰ ਮੁਲਤਵੀ ਕਰਨ ਦੀ ਹਦਾਇਤ ਕਰ ਦਿੱਤੀ।
ਹਾਲਾਂਕਿ ਜਥੇਦਾਰ ਸਾਹਿਬ ਦੀ ਹਦਾਇਤ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋ ਚੁੱਕੀ ਸੀ, ਲੇਕਿਨ ਸ਼ਹੀਦੀ ਜਥਾ ਤੋਰਨ ਦੀ ਜਿੱਦ ਦੀ ਵਜ੍ਹਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਹਦਾਇਤ ਦਾ ਫੈਕਸ ਸੰਦੇਸ਼ ਤਖਤ ਦਮਦਮਾ ਸਾਹਿਬ ਦੇ ਮੈਨੇਜਰ ਨੇ ਪੰਚ ਪ੍ਰਧਾਨੀ ਅਕਾਲੀ ਦਲ ਦੇ ਪ੍ਰਮੁੱਖ ਭਾਈ ਦਲਜੀਤ ਸਿੰਘ ਬਿੱਟੂ ਨੂੰ ਚਲਦੇ ਸਮਾਗਮ ਦੌਰਾਨ ਜਦ ਸੌਂਪ ਦਿੱਤਾ ਤਾਂ ਉਨ੍ਹਾਂ ਸੰਗਤ ਵੱਲੋਂ ਚੁਣੇ ਪੰਜ ਪਿਆਰਿਆਂ ਨੂੰ ਇਸ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ। ਪੰਜ ਪਿਆਰਿਆਂ ਨੇ ਜਥੇਦਾਰ ਦੀ ਹਦਾਇਤ ਨੂੰ ਰੱਦ ਕਰ ਦਿੱਤਾ। ਜੈਕਾਰਿਆਂ ਦੀ ਗੂੰਜ ਵਿਚ ਇਕ- ਇਕ ਕਰਕੇ 11 ਮਰਜੀਵੜਿਆਂ ਦੇ ਨਾਂ ਪੜ੍ਹੇ ਗਏ। ਮੰਚ ‘ਤੇ ਪੁੱਜਦਿਆਂ ਹੀ ਪੰਜ ਪਿਆਰਿਆਂ ਨੇ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ, ਤਖ਼ਤ ਸਾਹਿਬ ‘ਤੇ ਅਰਦਾਸ ਉਪਰੰਤ ਸੈਂਕੜਿਆਂ ਦੇ ਹਜੂਮ ਵੱਲੋਂ ਛੱਡੇ ਜੈਕਾਰਿਆਂ ਨਾਲ ਸ਼ਹੀਦੀ ਜਥਾ ਇਕ ਕੁਆਇਲਸ ਗੱਡੀ ਰਾਹੀਂ ਸਲਾਬਤਪੁਰੇ ਵੱਲ ਰਵਾਨਾ ਹੋ ਗਿਆ, ਜਿਸ ਨੂੰ ਮੌੜ ਮੰਡੀ ਤੋਂ ਚਾਰ ਕਿਲੋਮੀਟਰ ਪਿਛਾਂਹ ਲੱਗੇ ਨਾਕੇ ‘ਤੇ ਪੁਲਿਸ ਨੇ ਨੁਕਸੇ ਅਮਨ ਕਾਨੂੰਨ ਤਹਿਤ ਗ੍ਰਿਫਤਾਰ ਕਰ ਲਿਆ।

No comments:

Post a Comment