ਸ਼੍ਰੀਲੰਕਾ ਦੀ ਕ੍ਰਿਕਟ ਟੀਮ ‘ਤੇ ਲਾਹੌਰ ‘ਚ ਅੱਤਵਾਦੀ ਹਮਲਾ
ਲਾਹੌਰ : ਮੰਗਲਵਾਰ ਨੂੰ ਸ਼੍ਰੀਲੰਕਾ ਦੀ ਕ੍ਰਿਕਟ ਟੀਮ ‘ਤੇ ਲਾਹੌਰ ਵਿਚ ਅੱਤਵਾਦੀ ਹਮਲਾ ਹਮਲਾ ਹੋਇਆ ਜਿਸ ਵਿਚ ਟੀਮ ਦੇ 6 ਖਿਡਾਰੀ ਜ਼ਖਮੀਂ ਹੋ ਗਏ ਜਦਕਿ ਉਨਾਂ ਦੀ ਸੁਰੱਖਿਆ ਵਿਚ ਤਾਇਨਾਤ 5 ਕਮਾਂਡੋ ਮਾਰੇ ਗਏ। ਦੁਨੀਆਂ ਇਸ ਹਮਲੇ ਦੀ ਖਬਰ ਸੁਣ ਕੇ ਹੈਰਾਨ ਹੈ। ਹਮਲਾਵਰਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ, ਉਸਨੂੰ ਮੁੰਬਈ ਹਮਲੇ ਨਾਲ ਮਿਲਾ ਕੇ ਵੀ ਵੇਖਿਆ ਜਾ ਰਿਹਾ ਹੈ। ਪਾਕਿਸਤਾਨ ਦੀ ਹੁਕਮਰਾਨ ਧਿਰ ਨੇ ਸ਼੍ਰੀਲੰਕਾ ਤੋਂ ਇਸ ਹਮਲੇ ਦੌਰਾਨ ਸੁਰੱਖਿਆ ਖਾਮੀਆਂ ਦੀ ਭਾਵੇਂ ਮੁਆਫੀ ਮੰਗ ਲਈ ਹੈ ਪਰ ਜਿਸ ਤਰਾਂ ਬੇਖੌਫ 12 ਹਮਲਾਵਰ ਆਏ ਅਤੇ ਬਿਲਕੁਲ ਤੰਦਰੁਸਤ ਹੀ ਗਾਇਬ ਹੋ ਗਏ, ਇਸ ਗੱਲ ਤੋਂ ਵੀ ਦੁਨੀਆ ਭਰ ਵਿਚ ਹੈਰਾਨੀ ਪਾਈ ਜਾ ਰਹੀ ਹੈ। ਘਟਨਾ ਦੇ 15 ਮਿੰਟ ਮਗਰੋਂ ਦੇ ਸੀਸੀਟੀਵੀ ਵੀਡਿਓ ਵਿਚ ਇਹ ਦਹਿਸ਼ਤਗਰਦ ਏਕੇ 47 ਚੁੱਕੀ ਖੁੱਲੇਆਮ ਬਾਜ਼ਾਰਾਂ ਚੋਂ ਲੰਘਦੇ ਵਿਖਾਈ ਦੇ ਰਹੇ ਹਨ, ਜਿਵੇਂ ਕੁਝ ਹੋਇਆ ਹੀ ਨਹੀਂ ਅਤੇ ਉਨਾਂ ਨਾਲ ਲੋਕ ਇਓਂ ਲੰਘ ਰਹੇ ਵਿਖਾਈ ਦਿੰਦੇ ਹਨ ਜਿਵੇਂ ਉਹ ਕੋਈ ਖਿਡਾਉਣੇ ਚੁੱਕੀ ਜਾ ਰਹੇ ਹੋਣ। ਪਾਕਿਸਤਾਨ ਦੇ ਕੁਝ ਆਗੂ ਇਹ ਵੀ ਸੱਕ ਜਾਹਰ ਕਰ ਰਹੇ ਹਨ ਕਿ ਬਦਲੇ ਤਹਿਤ ਭਾਰਤ ਨੇ ਇਹ ਹਮਲਾ ਕਰਵਾਇਆ ਹੋØਇਆ ਹੋ ਸਕਦਾ ਹੈ, ਪਰ ਜਿਸ ਤਰਾਂ ਦਹਿਸ਼ਤਗਰਦ ਬਚ ਨਿੱਕਲੇ ਅਤੇ ਖੁਲੇਆਮ ਬਾਜ਼ਾਰਾਂ ਵਿਚੋਂ ਭੱਜ ਨਿੱਕਲੇ, ਉਸ ਤੋਂ ਮੀਡੀਆ ਇਹ ਵੀ ਸ਼ੱਕ ਜਾਹਰ ਕਰ ਰਿਹਾ ਹੈ ਕਿ ਇਸ ਹਮਲੇ ਵਿਚ ਪਾਕਿਸਤਾਨ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੀ ਸ਼ਮੂਲੀਅਤ ਹੋ ਸਕਦੀ ਹੈ ਕਿਉਂਕਿ ਹਮਲਾਵਰਾਂ ਨੂੰ ਫੜਣ ਅਤੇ ਮਾਰਨ ਲਈ ਕੋਈ ਅਹਿਮ ਹਰਕਤ ਨਹੀਂ ਵਿਖਾਈ ਗਈ।ਹਮਲੇ ਵਿਚ ਬਚੇ ਸ਼੍ਰੀਲੰਕਾ ਦੇ ਖਿਡਾਰੀ ਇਹ ਕਹਿ ਰਹੇ ਹਨ ਕਿ ਉਥੇ ਉਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ ਬਲਕਿ ਉਹ ਖੁਸ਼ਨਸੀਬੀ ਨਾਲ ਬਚ ਕੇ ਆਏ ਹਨ। ਗਧਾਰੀ ਦੇ ਸਟੇਡੀਅਮ ਦੇ ਕੋਲ ਸ਼੍ਰੀਲੰਕਾ ਦੀ ਟੀਮ ਟੈਸਟ ਮੈਚ ਖੇਡਣ ਲਈ ਇਕ ਬੱਸ ਵਿਚ ਸਵਾਰ ਹੋ ਕੇ ਜਾ ਰਹੀ ਸੀ ਜਿਸ ‘ਤੇ ਮੋਟਰਸਾਈਕਲ ‘ਤੇ ਆਏ ਨੌਜਵਾਨ ਹਮਲਾਵਰਾਂ ਨੇ ਅੰਧਾਧੁੰਦ ਗੋਲੀਆਂ ਚਲਾਈਆਂ। ਜਾਣਕਾਰੀ ਮੁਤਾਬਕ 12 ਹਮਲਾਵਰ ਪੂਰੀ ਤਿਆਰੀ ਵਿਚ ਆਏ ਸਨ। ਉਹ ਏਕੇ 47 ਅਤੇ ਰਾਕੇਟ ਲਾਂਚਰ ਨਾਲ ਲੈਸ ਸਨ। ਹਮਲਾਵਰਾਂ ਨੇ ਬੁਲੇਟ ਪਰੂਫ ਜਾਕੇਟਾਂ ਅਤੇ ਮਾਸਕ ਪਹਿਣੇ ਹੋਏ ਸਨ ਜਦਕਿ ਸ਼੍ਰੀਲੰਕਾ ਟੀਮ ਬੁਲੇਟ ਪਰੂਫ ਨਹੀਂ ਸੀ। ਬਚਾਅ ਵਿਚ ਜੁਟੇ ਕਮਾਂਡੋਆਂ ਨੇ ਹਮਲਾਵਰਾਂ ਵੱਲ ਨਿਸ਼ਾਨਾ ਬਣਾਇਆ। ਹਮਲਾਵਰ ਭਾਵੇਂ ਬਚ ਨਿਕਲੇ ਪਰ ਉਹ ਇਸ ਦੌਰਾਨ ਪੰਜ ਕਮਾਂਡੋਆਂ ਨੂੰ ਗੋਲੀਆਂ ਨਾਲ ਮਾਰ ਗਏ। ਜਿਹੜੇ ਖਿਡਾਰੀ ਜ਼ਖਮੀਂ ਹੋਏ ਹਨ ਉਨਾਂ ਵਿਚ ਕਪਤਾਨ ਮਾਹੇਲਾ ਜੈਵਰਧਨੇ, ਥਰੰਗਾ, ਅਜੰਤਾ ਮੇਂਡਿਸ, ਸਮਰਵੀਰਾ, ਸੰਗਕਾਰਾ ਵੀ ਸ਼ਾਮਲ ਹਨ। ਕੁਝ ਖਿਡਾਰੀਆਂ ਨੂੰ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਕੁਝ ਦੇ ਬੱਸ ਦੇ ਸ਼ੀਸ਼ੇ ਵੱਜੇ ਹਨ। ਸੁਰੱਖਿਆ ਵਿਵਸਥਾ ਦੀ ਪੋਲ ਖੁੱਲਣ ਅਤੇ ਹਮਲੇ ਦੇ ਕਾਰਨ ਮੈਚ ਨੂੰ ਰੱਦ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਇਕ ਹੈਲੀਕਾਪਟਰ ਦੇ ਜ਼ਰੀਏ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਵਾਪਸ ਵਤਨ ਭੇਜ ਦਿੱਤਾ ਗਿਆ ਹੈ।
No comments:
Post a Comment