ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, March 26, 2009

ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਬਣੀ ਅਕਾਲੀ ਉਮੀਦਵਾਰ

ਬਾਦਲ ਪਰਿਵਾਰ ਨੇ ਆਖਰ ਨੂੰਹ ਰਾਣੀ ਨੂੰ ਹੀ ਉਤਾਰਿਆ ਮੈਦਾਨ ਵਿਚ
ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨਾਲ ਹੋਵੇਗੀ ਕਾਂਟੇ ਦੀ ਟੱਕਰ
ਚੰਡੀਗੜ੍ਹ, ਬਠਿੰਡਾ/ਗੌਤਮ ਰਿਸ਼ੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਸੀਟ ਤੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਨੂੰ ਪਾਰਟੀ ਦੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਕਾਂਗਰਸ ਦੇ ਰਣਇੰਦਰ ਸਿੰਘ ਨਾਲ ਉਸਦੀ ਕਾਂਟੇ ਦੀ ਟੱਕਰ ਹੋਣੀ ਤੈਅ ਹੈ। ਚੰਡੀਗੜ੍ਹ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਦੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਦੀ ਨੂੰਹ ਹੀ ਬਠਿੰਡਾ ਤੋਂ ਅਕਾਲੀ ਉਮੀਦਵਾਰ ਹੋਵੇਗੀ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਇਹ ਸਾਫ ਕਰ ਦਿੱਤਾ ਸੀ ਕਿ ਬਠਿੰਡਾ ਤੋਂ ਬਾਦਲ ਪਰਿਵਾਰ ਵਿਚੋਂ ਹੀ ਕੋਈ ਚੋਣ ਲੜੇਗਾ। ਅਕਾਲੀ ਭਾਜਪਾ ਦੀ ਤਰਫੋਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਦੇ ਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਦਲ ਕਾਫੀ ਵਿਚਾਰ ਵਿਟਾਂਦਰੇ ਉਪਰੰਤ ਬਾਦਲ ਪਰਿਵਾਰ ਨੇ ਹਰਸਿਮਰਤ ਨੂੰ ਹੀ ਢੁਕਵੀਂ ਉਮੀਦਵਾਰ ਮੰਨਿਆ ਹੈ।ਦਿਲਚਸਪ ਗੱਲ ਹੈ ਕਿ ਰਣਇੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਲੱਗਭਗ ਹਮਉਮਰ ਹਨ ਅਤੇ ਦੋਵੇਂ ਪਹਿਲੀ ਵਾਰ ਕੋਈ ਸਿਆਸੀ ਚੋਣ ਲੜ ਰਹੇ ਹਨ। ਬਠਿੰਡਾ ਲੋਕ ਸਭਾ ਹਲਕੇ ਨੂੰ ਪੰਜਾਬ ਦੇ ਬੇਹਦ ਸੰਵੇਦਨਸ਼ੀਲ ਹਲਕਿਆਂ ਵਿਚੋਂ ਗਿਣਿਆ ਜਾਂਦਾ ਹੈ ਜਿੱਥੇ ਇਸ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਕਾਰ ਦੀ ਲੜਾਈ ਹੋਣ ਜਾ ਰਹੀ ਹੈ। ਬਠਿੰਡਾ ਵਿਚ 7 ਮਈ ਨੂੰ ਵੋਟਾਂ ਪੈਣਗੀਆਂ। ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਦੇ ਦਬਦਬੇ ਵਾਲੇ ਜਿਲ੍ਹਾ ਬਠਿੰਡਾ ਵਿਚ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਭਾਜਪਾ ਗੱਠਜੋੜ ਦਾ ਸਫਾਇਆ ਹੋ ਗਿਆ ਸੀ ਅਤੇ ਮਾਨਸਾ ਜਿਲ੍ਹੇ ਵਿਚ ਸਿਰਫ ਜੋਗਾ ਸੀਟ ਹੀ ਅਕਾਲੀ ਦਲ ਨੇ ਜਿੱਤੀ ਸੀ। ਨਵੀਂ ਹਲਕਾਬੰਦੀ ਵਿਚ ਬਠਿੰਡਾ ਹਲਕੇ ਅੰਦਰ ਬਾਦਲ ਪਰਿਵਾਰ ਦੇ ਗਿੱਦੜਬਾਹਾ ਵਿਧਾਨ ਸਭਾ ਇਲਾਕੇ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਇਲਾਕੇ ਰਾਮਪੁਰਾ ਫੂਲ ਨੂੰ ਫਰੀਦਕੋਟ ਨਾਲ ਜੋੜਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਹੀ ਇਸ ਇਲਾਕੇ ਵਿਚ ਪੂਰੇ ਸਰਗਰਮ ਹਨ, ਜਦਕਿ ਬਾਦਲ ਸਰਕਾਰ ਬਣਨ ਤੋਂ ਬਾਅਦ ਨੰਨੀ ਛਾਂ ਪ੍ਰੋਜੈਕਟ ਅਧੀਨ ਹਰਸਿਮਰਤ ਕੌਰ ਬਾਦਲ ਵੀ ਇਸ ਇਲਾਕੇ ਵਿਚ ਸਰਗਰਮ ਹੋ ਗਏ ਸਨ। ਇਹ ਪਹਿਲਾਂ ਤੋਂ ਹੀ ਤੈਅ ਹੋ ਗਿਆ ਸੀ ਕਿ ਬਠਿੰਡਾ ਵਿਚ ਮੁਕਾਬਲਾ ਰਣਇੰਦਰ ਸਿੰਘ ਅਤੇ ਹਰਸਿਮਰਤ ਕੌਰ ਦਰਮਿਆਨ ਹੋਵੇਗਾ।


ਪੂਰੀ ਤਨਦੇਹੀ ਨਾਲ ਕਰਾਂਗੀ ਪਾਰਟੀ ਦੀ ਸੇਵਾ : ਹਰਸਿਮਰਤ ਕੌਰ
ਟਿਕਟ ਦੇ ਐਲਾਨ ਦੇ ਨਾਲ ਹੀ ਹਰਸਿਮਰਤ ਕੌਰ ਨੇ ਬਠਿੰਡਾ ਵਿਚ ਅਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ। ਇਕ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਹਰਸਿਮਰਤ ਕੌਰ ਪਿੰਡ ਕਰਾੜਵਾਲਾ ਵਿਚ ਪੁੱਜੀ ਜਿੱਥੇ ਉਸਨੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿਚ ਜਦੋਂ ਹਰਸਿਮਰਤ ਕੌਰ ਹਰੇ ਰੰਗ ਦਾ ਸੁਟ ਪਾਈ ਹਸਦੀ ਹੋਈ ਆਈ ਤਾਂ ਪਹਿਲਾਂ ਤੋਂ ਹੀ ਸਵਾਗਤ ਲਈ ਖੜੇ ਅਕਾਲੀ ਆਗੂਆਂ ਨੇ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਰਸਿਮਰਤ ਕੌਰ ਨੇ ਕਿਹਾ ਕਿ ਉਹ ਹੁਣ ਤੱਕ ਸਮਾਜ ਸੇਵੀ ਕੰਮ ਹੀ ਕਰਦੀ ਆਈ ਹੈ, ਉਸਨੇ ਸੋਚਿਆ ਨਹੀਂ ਸੀ ਕਿ ਉਹ ਸਿਆਸਤ ਵਿਚ ਵੀ ਆਏਗੀ ਅਤੇ ਪਾਰਟੀ ਉਸਨੂੰ ਏਨੀ ਵੱਡੀ ਜਿੰਮੇਵਾਰੀ ਸੌਂਪੇਗੀ। ਉਸਨੇ ਕਿਹਾ ਕਿ ਉਹ ਪੂਰੇ ਜ਼ੋਸ਼ੋ ਖਰੋਸ਼ ਨਾਲ ਚੋਣ ਲੜੇਗੀ ਅਤੇ ਜਿੱਤ ਹਾਰ ਦਾ ਫੈਸਲਾ ਲੋਕਾਂ ਨੇ ਹੀ ਦੇਣਾ ਹੈ।

No comments:

Post a Comment