ਬਠਿੰਡਾ: ਮਸ਼ਹੂਰ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ? ਚਰਚਾਵਾਂ ਤਾਂ ਕੁਝ ਅਜਿਹੀਆਂ ਹੀ ਚੱਲ ਰਹੀਆਂ ਸਨ। ਜਦੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਹਰਭਜਨ ਮਾਨ ਨੂੰ ਪਿੰਡ ਪਹੁੰਚ ਕੇ ਸਿਰੋਪਾਓ ਭੇਟ ਕੀਤਾ ਤਾਂ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਵੀ ਬਲ ਮਿਲਿਆ। ਹਾਲਾਂਕਿ ਹਰਭਜਨ ਮਾਨ ਨੇ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਫਿਲਹਾਲ ਇਨਕਾਰ ਕੀਤਾ ਹੈ। ਹਰਸਿਮਰਤ ਕੌਰ ਬਾਦਲ ਸ਼ੁੱਕਰਵਾਰ ਨੂੰ ਖੇਮੂਆਣਾ ਪਿੰਡ ਵਿਚ ਹਰਭਜਨ ਮਾਨ ਦੇ ਘਰ ਪਹੁੰਚੀ। ਚਾਹ ਪਾਣੀ ਪੀਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਹਰਭਜਨ ਮਾਨ ਨੂੰ ਸਿਰੋਪਾਓ ਭੇਟ ਕੀਤਾ।
ਮੀਡੀਆ ਅਤੇ ਸਿਆਸੀ ਖੇਮਿਆਂ ਵਿਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਰਭਜਨ ਮਾਨ ਅਤੇ ਉਨ•ਾਂ ਦੇ ਪਰਿਵਾਰ ਨੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਹਰਭਜਨ ਮਾਨ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਬਠਿੰਡਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਵਿਚ ਕਰਵਾਏ ਇਕ ਸਮਾਰੋਹ ਵਿਚ ਹਰਭਜਨ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਸਾਡੇ ਘਰ ਆਈ ਸੀ ਅਤੇ ਅਸੀਂ ਰਸਮਾਂ ਰਿਵਾਜ਼ਾਂ ਨਾਲ ਸਵਾਗਤ ਕੀਤਾ। ਸ. ਮਾਨ ਨੇ ਕਿਹਾ ਕਿ ਲੋਕ ਮੇਰੇ ਗੀਤਾਂ ਨੂੰ ਪਸੰਦ ਕਰਦੇ ਹਨ ਅਤੇ ਮਿਲਣ ਲਈ ਆਉਂਦੇ ਰਹਿੰਦੇ ਹਨ। ਸਾਰਿਆਂ ਨਾਲ ਚੰਗੇ ਸਬੰਧ ਹਨ, ਸੋ ਇਸ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਬਿਨਾ ਸਿਰ ਢਕੇ ਪਤਿਤ ਸਿੱਖ ਨੂੰ ਸਿਰੋਪਾਓ, ਕਿੱਥੇ ਗਈ ਮਰਿਆਦਾ?
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਰਾਣੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਹੁਟੀ ਬੀਬੀ ਹਰਸਿਮਰਤ ਕੌਰ ਵੱਲੋਂ ਭਰੂਣ ਹੱਤਿਆ, ਰੁੱਖ ਲਾਉਣ, ਨਸ਼ਿਆਂ ਨੂੰ ਨਕੇਲ ਪਾਉਣ ਬਾਰੇ ਦਿੱਤੇ ਜਾ ਰਹੇ ਬਿਆਨਾਂ ਦਾ ਬੜੀ ਫੁਰਤੀ ਨਾਲ ਨੋਟਿਸ ਲੈਣ ਵਾਲੇ ਸਿੰਘ ਸਾਹਿਬਾਨ ਕੀ ਹੁਣ ਬੀਬੀ ਹਰਸਿਮਰਤ ਕੌਰ ਵੱਲੋਂ ਪੰਥਕ ਮਰਿਆਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਵੀ ਨੋਟਿਸ ਲੈਣਗੇ?, ਸਵਾਲ ਭਾਵੇਂ ਗੰਭੀਰ ਹੈ, ਪਰ ਲੱਗਦਾ ਨਹੀਂ ਕਿ ਇੰਝ ਹੋਵੇਗਾ। ਸਿੱਖ ਪਰਿਵਾਰ ’ਚ ਜਨਮੇ ਹਰਭਜਨ ਸਿੰਘ ਮਾਨ ਨੂੰ ਬੀਬੀ ਹਰਸਿਮਰਤ ਕੌਰ ਨੇ ਜਦੋਂ ਘਰ ਜਾ ਕੇ ਸਨਮਾਨ ਸਹਿਤ ਸਿਰੋਪਾਓ ਭੇਟ ਕੀਤਾ ਤਾਂ ਹਰਭਜਨ ਮਾਨ ਦਾ ਸਿਰ ਵੀ ਢਕਿਆ ਹੋਇਆ ਨਹੀਂ ਸੀ। ਉਂਝ ਮਰਿਆਦਾ ਤਹਿਤ ਕਿਸੇ ਪਤਿਤ ਸਿੱਖ ਨੂੰ ਸਿਰੋਪਾਓ ਭੇਟ ਕਰਨਾ ਹੀ ਬੱਜਰ ਗਲਤੀ ਮੰਨੀ ਜਾਂਦੀ ਹੈ।
No comments:
Post a Comment