ਨਵੀਂ ਦਿੱਲੀ : ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ’ਤੇ ਚੋਣ ਲੜਣ ਤੋਂ ਪਾਬੰਦੀ ਲਾਏ ਜਾਣ ਦੇ ਕਈ ਦਹਾਕੇ ਬਾਅਦ ਭਾਜਪਾ ਦੇ ਆਗੂ ਅਤੇ ਪੀਲੀਭੀਤ ਤੋਂ ਉਮੀਦਵਾਰ ਐਲਾਨੇ ਵਰੁਣ ਗਾਂਧੀ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਵਰੁਣ ਗਾਂਧੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਵਾਪਿਸ ਲੈਣ ਦੀ ਸਲਾਹ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਲਗਪਗ ਦੋ ਦਿਨ ਦੇ ਵਿਚਾਰ-ਵਟਾਂਦਰੇ ਉਪਰੰਤ ਲਿਆ ਗਿਆ। ਇਸ ਮੀਟਿੰਗ ਵਿਚ ਚੋਣ ਕਮਿਸ਼ਨ ਦੇ ਤਿੰਨੇ ਕਮਿਸ਼ਨਰ ਹਾਜ਼ਰ ਸਨ ਤੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਚੋਣ ਕਮਿਸ਼ਨ ਨੇ ਸ੍ਰੀ ਵਰੁਣ ਗਾਂਧੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਉਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀਲੀਭੀਤ ਤੋਂ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਵੱਲੋਂ ਕਥਿਤ ਮੁਸਲਿਮ ਵਿਰੋਧੀ ਭਾਸ਼ਨਾਂ ਕਾਰਣ ਦੇਸ਼ ਵਿਆਪੀ ਹੋਈ ਨਿੰਦਾ ਉਪਰੰਤ ਚੋਣ ਕਮਿਸ਼ਨ ਨੇ ਉਸ ਕੋਲੋਂ ਜਵਾਬ ਮੰਗਿਆ ਸੀ। ਸ੍ਰੀ ਵਰੁਣ ਗਾਂਧੀ ਵੱਲੋਂ ਦਿੱਤੇ ਗਏ ਜਵਾਬ ’ਤੇ ਚੋਣ ਕਮਿਸ਼ਨ ਨੇ ਲਗਪਗ ਦੋ ਦਿਨ ਵਿਚਾਰ-ਵਟਾਂਦਰਾ ਕੀਤਾ। ਵਰੁਣ ਗਾਂਧੀ ਨੇ ਚੋਣ ਕਮਿਸ਼ਨ ਨੂੰ ਭੇਜੇ ਆਪਣੇ ਜਵਾਬ ਵਿਚ ਦਾਅਵਾ ਕੀਤਾ ਸੀ ਕਿ ਉਸ ਦੇ ਭਾਸ਼ਨਾਂ ਨੂੰ ਤੋੜਿਆ ਮਰੋੜਿਆ ਗਿਆ ਹੈ। ਇਸ ਉਪਰੰਤ ਮੁੱਖ ਚੋਣ ਕਮਿਸ਼ਨਰ ਐਨ ਗੋਪਾਲਾਸਵਾਮੀ ਨੇ ਕਿਹਾ ਸੀ ਕਿ ਇਹ ਸ੍ਰੀ ਵਰੁਣ ਗਾਂਧੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਬਿਤ ਕਰਨ ਕਿ ਉਹਨਾਂ ਦੇ ਭਾਸ਼ਨਾਂ ਨੂੰ ਤਰੋੜਿਆ ਮਰੋੜਿਆ ਗਿਆ ਹੈ। ਭਾਜਪਾ ਵੱਲੋਂ ਵੀ ਵਰੁਣ ਗਾਂਧੀ ਦੇ ਨਫਰਤ ਫੈਲਾਉਣ ਵਾਲੇ ਭਾਸ਼ਨਾਂ ਤੋਂ ਦੂਰੀ ਬਣਾਉਂਦਿਆਂ ਚੋਣ ਕਮਿਸ਼ਨ ਨੂੰ ਸਪੱਸ਼ਟ ਕੀਤਾ ਸੀ ਕਿ ਵਰੁਣ ਗਾਂਧੀ ਦੀਆਂ ਟਿਪਣੀਆਂ ਨੂੰ ਪਾਰਟੀ ਦੇ ਵਿਚਾਰ ਨਾ ਮੰਨਿਆ ਜਾਵੇ।
ਵਰੁਣ ਗਾਂਧੀ ਨੂੰ ਉਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਪੀਲੀਭੀਤ ਵਿਚ ਇਕ ਜਨਤਕ ਰੈਲੀ ਦੌਰਾਨ ਫਿਰਕੂ ਤੇ ਨਫਰਤ ਫੈਲਾਓ ਭਾਸ਼ਨ ਦੇਣ ਲਈ ਚੋਣ ਕਮਿਸ਼ਨ ਵੱਲੋਂ ਨੋਟਿਸ ਦਿੱਤਾ ਗਿਆ ਸੀ। ਚੋਣ ਕਮਿਸ਼ਨ ਨੇ ਭਾਜਪਾ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਵਰੁਣ ਗਾਂਧੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਾ ਬਣਾਵੇ ਕਿਉਂਕਿ ਉਹ ਮੁਸਲਿਮ ਭਾਈਚਾਰੇ ਖਿਲਾਫ ਨਫਰਤ ਭਰੀਆਂ ਟਿਪਣੀਆਂ ਕਾਰਣ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।
ਸੰਜੇ ਗਾਂਧੀ ਤੇ ਮੇਨਕਾ ਗਾਂਧੀ ਦੇ 29 ਸਾਲਾ ਲੜਕੇ ਵਰੁਣ ਗਾਂਧੀ ਖਿਲਾਫ ਚੋਣ ਕਮਿਸ਼ਨ ਨੇ ਆਪਣੇ 10 ਪੰਨਿਆਂ ਦੇ ਹੁਕਮ ਵਿਚ ਕਿਹਾ ਹੈ ਕਿ ਵਰੁਣ ਗਾਂਧੀ ਦੀਆਂ ਵਿਵਾਦਗ੍ਰਸਤ ਟਿਪਣੀਆਂ ਵਿਚ ਬਹੁਤ ਹੀ ਭੜਕਾਊ ਅਤੇ ਗਲਤ ਸ਼ਬਦਾਵਲੀ ਵਰਤੀ ਗਈ ਹੈ ਜੋ ਕਿਸੇ ਇਕ ਭਾਈਚਾਰੇ ਖਿਲਾਫ ਬਿਲਕੁਲ ਹੀ ਸਹਿਣਯੋਗ ਨਹੀਂ।
ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਇਹ ਮਹਿਸੂਸ ਕਰਦਾ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਇਕ ਉਮੀਦਵਾਰ ਬਣਨ ਦੇ ਯੋਗ ਨਹੀਂ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਕਨੂੰਨ ਮੁਤਾਬਿਕ ਆਪਣੀਆਂ ਸੀਮਾਵਾਂ ਨੂੰ ਸਮਝਦਾ ਹੈ ਤੇ ਅਦਾਲਤ ਵੱਲੋਂ ਜਿਤਨੀ ਦੇਰ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਉਤਨੀ ਦੇਰ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਲਈ ਭਾਜਪਾ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਵਰੁਣ ਗਾਂਧੀ ਨੂੰ ਪਾਰਟੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇ।
ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਇਹ ਮਹਿਸੂਸ ਕਰਦਾ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਇਕ ਉਮੀਦਵਾਰ ਬਣਨ ਦੇ ਯੋਗ ਨਹੀਂ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਕਨੂੰਨ ਮੁਤਾਬਿਕ ਆਪਣੀਆਂ ਸੀਮਾਵਾਂ ਨੂੰ ਸਮਝਦਾ ਹੈ ਤੇ ਅਦਾਲਤ ਵੱਲੋਂ ਜਿਤਨੀ ਦੇਰ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਉਤਨੀ ਦੇਰ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਲਈ ਭਾਜਪਾ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਵਰੁਣ ਗਾਂਧੀ ਨੂੰ ਪਾਰਟੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇ।
No comments:
Post a Comment