ਲਾਲੂ ਨੇ ਕਿਹਾ ਅਸੀਂ ਅਜੇ ਵੀ ਯੂਪੀਏ ਦਾ ਹਿੱਸਾ, ਭਾਜਪਾ ਤੇ ਤੀਜੇ ਮੋਰਚੇ ਨੂੰ ਫਿਕਰ ਪਿਆ
ਨਵੀਂ ਦਿੱਲੀ : ਡਾ. ਮਨਮੋਹਨ ਸਿੰਘ ਸਰਕਾਰ ਨੂੰ ਸਮਰਥਨ ਦੇ ਰਹੇ ਤਿੰਨ ਵੱਡੇ ਦਲਾਂ ਨੇ ਰਲ ਕੇ ਇਕ ਮਜ਼ਬੂਤ ਚੌਥਾ ਮੋਰਚਾ ਬਣਾ ਲਿਆ ਹੈ ਜਿਸ ਵਿਚ ਉਹ ਹੋਰ ਦਲਾਂ ਨੂੰ ਰਲਾ ਕੇ ਇਸ ਮੋਰਚੇ ਦਾ ਬਕਾਇਦਾ ਐਲਾਨ ਕਰਨ ਦੇ ਮੂਡ ਵਿਚ ਹਨ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ, ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਤੇ ਅਮਰ ਸਿੰਘ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਨੇ ਰਲ ਕੇ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ਹੈ। ਇਹ ਆਗੂ ਜਿੱਥੇ ਯੂਪੀ, ਬਿਹਾਰ, ਝਾਰਖੰਡ, ਉੱਤਰਾਖੰਡ ਵਰਗੇ ਸੂਬਿਆਂ ਵਿਚ ਰਲ ਕੇ ਚੋਣ ਲੜਣਗੇ, ਉਥੇ ਹੋਰਨਾਂ ਛੋਟੇ ਦਲਾਂ ਨੂੰ ਵੀ ਅਪਣੇ ਖੇਮੇ ਵਿਚ ਕਰਨ ਦੀ ਯੋਜਨਾ ਵਿਚ ਹਨ। ਇਸ ਮੋਰਚੇ ਨੂੰ ਉਮੀਦ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਲੈ ਕੇ ਆਉਣਗੇ। ਅਜਿਹਾ ਹੋਣ ਦੀ ਸੂਰਤ ਵਿਚ ਤਿੰਨੇ ਦਲ ਮੁੜ ਯੂਪੀਏ ਸਰਕਾਰ ਨੂੰ ਹੀ ਹਮਾਇਤ ਜਾਰੀ ਰੱਖਣਗੇ। ਅਸਲ ਵਿਚ ਤਿੰਨੇ ਦਲ ਉੱਤਰੀ ਰਾਜਾਂ ਵਿਚ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਣਾ ਚਾਹੁੰਦੇ ਹਨ, ਤਾਂ ਕਿ ਉਹ ਅਗਲੀ ਸਰਕਾਰ ਵਿਚ ਡਿਪਟੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਅਹੁਦੇ ’ਤੇ ਵੀ ਅਪਣਾ ਹੱਕ ਜਿਤਾ ਸਕਣ।ਅਜਿਹੀ ਲੜਾਈ ਵਿਚ ਕਾਂਗਰਸ ਅਤੇ ਇਹ ਦਲ ਏਨਾ ਜ਼ਰੂਰ ਖਿਆਲ ਰੱਖ ਰਹੇ ਹਨ ਕਿ ਲਾਲੂ ਯਾਦਵ ਸਣੇ ਇਹ ਆਗੂ ਕਾਂਗਰਸ ਨਾਲ ਸੀਟਾਂ ਦੀ ਵੰਡ ਦਾ ਸਮਝੌਤਾ ਸਿਰੇ ਨਾ ਚੜਣ ਪਿੱਛੇ ਹੋਰ ਕਾਂਗਰਸ ਆਗੂਆਂ ’ਤੇ ਗੱਸਾ ਕੱਢ ਰਹੇ ਹਨ, ਜਦਕਿ ਉਹ ਅਗਲੀ ਵਾਰ ਡਾ. ਮਨਮੋਹਨ ਸਿੰਘ ਨੂੰ ਹੀ ਪ੍ਰਧਾਨ ਮੰਤਰੀ ਬਣੇ ਰਹਿਣਾ ਵੇਖਣਾ ਚਾਹੁੰਦੇ ਹਨ ਅਤੇ ਸੋਨੀਆ ਗਾਂਧੀ ਦੀ ਅਗਵਾਈ ’ਤੇ ਵੀ ਹਾਲੇ ਤੱਕ ਉਨਾਂ ਨੇ ਕੋਈ ਕਿੰਤੂ ਨਹੀਂ ਕੀਤਾ ਹੈ। ਜਿੱਥੇ ਕਾਂਗਰਸ ਯੂਪੀ, ਬਿਹਾਰ ਵਰਗੇ ਰਾਜਾਂ ਵਿਚ ਅਪਣੇ ਵੋਟ ਬੈਂਕ ਨੂੰ ਹੋਰ ਵਧਾਉਣਾ ਚਾਹੁੰਦੀ ਹੈ ਅਤੇ ਭਵਿੱਖ ਲਈ ਅਪਣੇ ਰਾਹ ਅੱਗੋਂ ਸੂਬਾਈ ਦਲਾਂ ’ਤੇ ਟੇਕ ਰੱਖਣ ਦੀ ਥਾਂ ਅਪਣਾ ਆਧਾਰ ਮਜ਼ਬੂਤ ਕਰਨਾ ਚਾਹੁੰਦੀ ਹੈ, ਉਥੇ ਇਹ ਦਲ ਹੋਰ ਜ਼ਿਆਦਾ ਸੀਟਾਂ ਲੈ ਕੇ ਕੇਂਦਰੀ ਸਿਆਸਤ ਵਿਚ ਅਪਣਾ ਕੱਦ ਹੋਰ ਵਧਾਉਣ ਦੇ ਫਿਰਾਕ ਵਿਚ ਹਨ। ਅਜਿਹੇ ਹਾਲਾਤ ਵਿਚ ਦੋਵਾਂ ਧਿਰਾਂ ’ਚ ਇਕ ਸਾਂਝੀ ਰਾਏ ਇਹ ਹੈ ਕਿ ਉਹ ਅਗਲੀ ਵਾਰ ਫਿਰ ਯੂਪੀਏ ਦੀ ਸਰਕਾਰ ਬਣਾਉਣ ਦੇ ਹੀ ਸੁਪਨੇ ਵੇਖ ਰਹੇ ਹਨ ਤੇ ਕਿਸੇ ਵੀ ਕੀਮਤ ’ਤੇ ਭਾਰਤ ਦੀ ਵਾਗਡੋਰ ਬੀਜੇਪੀ ਤੇ ਸਹਿਯੋਗੀ ਦਲਾਂ ਦੇ ਹੱਥ ਵਿਚ ਨਹੀਂ ਜਾਣ ਦੇਣਾ ਚਾਹੁੰਦੇ।ਨਵੇਂ ਮੋਰਚੇ ਦਾ ਅਸਰ ਕਾਂਗਰਸ ਦੇ ਉਲਟ ਇਸ ਕਰਕੇ ਜਾਂਦਾ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਇਹ ਰਾਜਾਂ ਵਿਚ ਕਾਂਗਰਸ ਦਾ ਆਧਾਰ ਪਹਿਲਾਂ ਹੀ ਡਾਵਾਂਡੋਲ ਹੈ ਪਰ ਲਾਲੂ, ਮੁਲਾਇਮ ਤੇ ਪਾਸਵਾਨ ਦੀ ਤਿਕੜੀ ਜੇਕਰ ਯੂਪੀ, ਬਿਹਾਰ ਅਤੇ ਝਾਰਖੰਡ ਸਣੇ ਉਤਰੀ ਰਾਜਾਂ ਵਿਚ ਰਲ ਕੇ ਚੋਣ ਲੜੇਗੀ ਤਾਂ ਮਾਇਆਵਤੀ ਜਾਂ ਤੀਜੇ ਮੋਰਚੇ ਨੂੰ ਇਸ ਦਾ ਨੁਕਸਾਨ ਜਰੂਰ ਹੋਣਾ ਸੁਭਾਵਿਕ ਹੈ। ਚੇਤੇ ਰਹੇ ਕਿ ਯੂਪੀ ਅਤੇ ਬਿਹਾਰ ਵਿਚ ਲੋਕ ਸਭਾ ਦੀਆਂ ਕੁੱਲ 120 ਸੀਟਾਂ ਹਨ। ਇਨਾਂ ਵਿਚੋਂ ਸਭ ਤੋਂ ਵੱਧ ਸੀਟਾਂ ਇਨਾਂ ਦਲਾਂ ਕੋਲ ਹੀ ਹਨ।
No comments:
Post a Comment