ਫਿਰੋਜ਼ਪੁਰ : ਸਿੱਖ ਸੰਗਠਨਾਂ ਦੇ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਦੋ ਸਮਰਥਕਾਂ ਸਮੇਤ ਰਿਹਾਅ ਕਰ ਦਿੱਤਾ ਗਿਆ। ਜਦੋਂ ਕਿ 6 ਸਮਰਥਕਾਂ ਨੂੰ ਕੁਝ ਦਿਨ ਪਹਿਲਾਂ ਹੀ ਮਾਮਲੇ ਵਿੱਚ ਬੇਕਸੂਰ ਦੱਸਦੇ ਹੋਏ ਛੱਡ ਦਿੱਤਾ ਗਿਆ ਸੀ
। ਸੰਤਾਂ ਦੇ ਵਕੀਲ ਕੁਲਵਿੰਦਰ ਸਿੰਘ ਸੇਖੋਂ ਤੇ ਰਾਜਦੇਵ ਸਿੰਘ ਖਾਲਸਾ ਬਰਨਾਲਾ (ਸਾਬਕਾ ਐਮਪੀ) ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤ ਦਾਦੂਵਾਲ 8 ਸਮਰਥਕਾਂ ਖਿਲਾਫ਼ ਬਾਜਾਖਾਨਾ ਵਿਖੇ ਪੁਲਿਸ ਨਾਲ ਕਰਾਸ ਫਾਇਰਿੰਗ ਤੇ ਪੁਲਿਸ ਅਧਿਕਾਰੀਆਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਸਿੱਖ ਸੰਗਠਨਾਂ ਦੇ ਦਬਾਅ ਦੇ ਚੱਲਦੇ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਦੇ ਹੋਏ ਇਸ ਕੇਸ ਨੂੰ ਨਰਮ ਬਣਾਉਂਦਿਆਂ ਇਰਾਦਾ-ਏ-ਕਤਲ ਦੀ ਧਾਰਾ 307 ਆਈਪੀਸੀ ਹਟਾ ਦਿੱਤੀ, ਜਿਸ ਦੇ ਚਲਦੇ ਸੰਤ ਦਾਦੂਵਾਲ ਅਤੇ ਸਮਰਥਕਾਂ ਦੀ ਰਿਹਾਈ ਦਾ ਰਾਹ ਸਾਫ ਹੋ ਗਿਆ। ਪੁਲਿਸ ਵੱਲੋਂ ਇਸ ਕੇਸ ’ਚ ਸ਼ਾਮਲ ਸੰਤ ਬਲਜੀਤ ਸਿੰਘ ਦਾਦੂਵਾਲ, ਅਤੇ 2 ਸਾਥੀਆਂ ਨੂੰ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਅਮਰਿੰਦਰ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਕਤ ਤਿੰਨਾਂ ਨੂੰ ਪੇਸ਼ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ। ਅਦਾਲਤ ਵਿੱਚ ਸੰਤ ਦਾਦੂਵਾਲ ਅਤੇ 2 ਸਾਥੀਆਂ ਨੂੰ ਪੇਸ਼ ਕਰਨ ਮੌਕੇ ਅਦਾਲਤੀ ਕੰਪਲੈਕਸ ਦੇ ਬਾਹਰ ਭਾਰੀ ਗਿਣਤੀ ਵਿੱਚ ਪੰਚ ਪ੍ਰਧਾਨੀ ਆਗੂ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ। ਅਦਾਲਤ ਵਿੱਚ ਪੇਸ਼ ਹੋਣ ਉਪਰੰਤ ਸੰਤ ਦਾਦੂਵਾਲ ਨੇ ਕਿਹਾ ਕਿ ਡੇਰਾਵਾਦ ਅਤੇ ਪਾਖੰਡਵਾਦ ਦੇ ਖਿਲਾਫ਼ ਜਾਗਰੂਕਤਾ ਮੁਹਿੰਮ ਜਾਰੀ ਰਹੇਗੀ ਅਤੇ ਅੱਜ ਅਦਾਲਤ ਵਿੱਚ ਸਰਕਾਰ ਦੇ ਝੂਠੇ ਪੁਲੰਦਿਆਂ ਦਾ ਪਰਦਾਫਾਸ਼ ਹੋ ਗਿਆ ਅਤੇ ਖੁਦ ਪੁਲਿਸ ਨੇ ਹੀ ਮੰਨ ਲਿਆ ਕਿ ਉਨ•ਾਂ ਨੂੰ ਕੋਈ ਸਬੂਤ ਅਤੇ ਗਵਾਹ ਨਹੀਂ ਮਿਲਿਆ ਹੈ। ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਖਿਲਾਫ ਸੰਗਤ ਨੂੰ ਲਾਮਬੰਦ ਕਰਨ ਦਾ ਕੰਮ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪੰਚ ਪ੍ਰਧਾਨੀ ਆਗੂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਮੋਹਕਮ ਸਿੰਘ, ਸੁਖਦੇਵ ਸਿੰਘ ਡੋਡ, ਮੇਜਰ ਸਿੰਘ ਧਾਲੀਵਾਲ, ਰਾਜਪਾਲ ਸਿੰਘ ਹਰਦਿਆਲੇਆਣਾ, ਸੁਖਮੰਦਰ ਸਿੰਘ ਪਿਪਲੀ ਤੇ ਗੁਰਪ੍ਰੀਤ ਸਿੰਘ, ਰਘਬੀਰ ਸਿੰਘ, ਬਲਵਿੰਦਰ ਸਿੰਘ, ਤਰਨਜੀਤ ਸਿੰਘ, ਗੋਰਾ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ, ਸੰਤ ਬਾਬਾ ਅਵਤਾਰ ਸਿੰਘ ਝੋਕ ਹਰੀਹਰ, ਸੰਤ ਬਾਬਾ ਬੋਹੜ ਸਿੰਘ ਆਦਿ ਹਾਜ਼ਰ ਸਨ।
No comments:
Post a Comment