ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Tuesday, March 31, 2009

ਨੈਣਾ ਦੇਵੀ ਤੋਂ ਵਾਪਸ ਆਉਂਦਾ ਸ਼ਰਧਾਲੂਆਂ ਦਾ ਟਰੱਕ ਪਲਟਿਆ, 25 ਮੌਤਾਂ

ਮਰਨ ਵਾਲਿਆਂ ’ਚ ਜ਼ਿਆਦਾਤਰ ਪਰਵਾਸੀ ਮਜਦੂਰ
ਆਨੰਦਪੁਰ ਸਾਹਿਬ : ਨੈਣਾ ਦੇਵੀ ਸੜਕ ’ਤੇ ਦੇਰ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 25 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 75 ਦੇ ਕਰੀਬ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ 28 ਮਾਰਚ ਨੂੰ ਉਕਤ ਪਿੰਡ ਦੀ ਸੰਗਤ ਟਰੱਕ ’ਚ ਸਵਾਰ ਹੋ ਕੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ ਸੀ। ਉੁਕਤ ਸੰਗਤ ਵੱਲੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਬਾਬਾ ਪੀਰ ਨਿਗਾਹਾ ਤੇ ਬਾਬਾ ਬਾਲਕ ਨਾਥ ਦੇ ਦਰਸ਼ਨ ਕੀਤੇ ਗਏ। ਇਸ ਤੋਂ ਬਾਅਦ 30 ਮਾਰਚ ਦੀ ਸ਼ਾਮ ਨੂੰ ਸੰਗਤ ਪ੍ਰਸਿੱਧ ਧਾਰਮਿਕ ਸਥਾਨ ਨੈਣਾਂ ਦੇਵੀ ਦੇ ਦਰਸ਼ਨ ਕਰਨ ਲਈ ਪਹੁੰਚੀ। ਨੈਣਾ ਦੇਵੀ ਦੇ ਦਰਸ਼ਨ ਕਰਨ ਉਪਰੰਤ ਡਬਲ ਛੱਤ ਬਣਾ ਕੇ ਸੰਗਤਾਂ ਨਾਲ ਭਰਿਆ ਟਰੱਕ ਜਦੋਂ ਪਿੰਡ ਰਾਮਪੁਰ ਝੱਜਰ ਕੋਲ ਪਹੁੰਚਿਆ ਤਾਂ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਤੇਜ਼ ਰਫ਼ਤਾਰ ਟਰੱਕ ਇੱਕ ਵੱਡੇ ਦਰੱਖ਼ਤ ਨਾਲ ਵੱਜਣ ਉਪਰੰਤ ਪਲਟ ਗਿਆ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਵਿੱਚ ਸਵਾਰ ਲੋਕਾਂ ਦੇ ਸਿਰ-ਬਾਹਾਂ ਆਦਿ ਧੜ ਤੋਂ ਵੱਖ ਹੋ ਗਏ। ਜ਼ਖ਼ਮੀਆਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿੱਤੀ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਸਿਵਲ ਹਪਸਤਾਲ ਆਨੰਦਪੁਰ ਸਾਹਿਬ ਲਿਆਂਦਾ। ਸੂਤਰਾਂ ਮੁਤਾਬਕ 21 ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦੋਂ ਕਿ 10 ਗੰਭੀਰ ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ• ਰੈਫ਼ਰ ਕੀਤਾ ਗਿਆ, 2 ਜ਼ਖ਼ਮੀਆਂ ਦੀ ਰਾਹ ਵਿੱਚ ਹੀ ਮੌਤ ਹੋ ਗਈ ਤੇ ਦੋਹਾਂ ਦੀ ਹਸਪਤਾਲ ’ਚ। ਜ਼ਖ਼ਮੀਆਂ ਦਾ ਇਹ ਵੀ ਕਹਿਣਾ ਸੀ ਕਿ ਟਰੱਕ ਦੇ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਦੇ ਸ਼ਿਕਾਰ ਜ਼ਿਆਦਾਤਰ ਪਿੰਡ ਘੁਮਾਣਾ ਵਿੱਚ ਮਜ਼ਦੂਰੀ ਕਰਦੇ ਪਰਵਾਸੀ ਮਜ਼ਦੂਰ ਹਨ ਜੋ ਬਿਹਾਰ ਤੇ ਨੇਪਾਲ ਨਾਲ ਸਬੰਧਤ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

No comments:

Post a Comment